ਅਜਨਾਲਾ ਕਾਂਡ ਦੇ ਅਗਲੇ ਦਿਨ ਹੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਦਰਜ ਹੋਈ ਸੀ ਐੱਫ. ਆਈ. ਆਰ.

ਜਲੰਧਰ : ਖ਼ਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਸ ਨੇ ਅਜਨਾਲਾ ਕਾਂਡ ਦੇ ਅਗਲੇ ਦਿਨ ਹੀ ਐੱਫ. ਆਈ. ਆਰ. ਦਰਜ ਕਰ ਦਿੱਤੀ ਸੀ ਪਰ ਪੰਜਾਬ ਪੁਲਸ ਨੇ ਇਕ ਤੈਅ ਯੋਜਨਾ ਤਹਿਤ ਇਹ ਗੱਲ ਗੁਪਤ ਰੱਖੀ ਸੀ। ਹਾਲਾਂਕਿ ਕੁਝ ਦਿਨਾਂ ਤਕ ਪੁਲਸ ਦੀ ਇਸ ਗੱਲ ਨੂੰ ਲੈ ਕੇ ਆਲੋਚਨਾ ਵੀ ਹੋਈ ਕਿ ਉਸ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਦਰਜ ਨਹੀਂ ਕੀਤੀ ਪਰ ਪੁਲਸ ਅਧਿਕਾਰੀਆਂ ਨੇ ਪਹਿਲਾਂ ਹੀ ਉਸ ਦੇ ਖ਼ਿਲਾਫ਼ ਵੱਡਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਲਿਆ ਹੋਇਆ ਸੀ।

ਅਜਨਾਲਾ ਕਾਂਡ ਤੋਂ ਬਾਅਦ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਨੋਬਲ ’ਤੇ ਵੀ ਉਲਟ ਅਸਰ ਪਿਆ ਸੀ ਪਰ ਹੁਣ ਜਿਸ ਤਰ੍ਹਾਂ ਅੰਮ੍ਰਿਤਪਾਲ ਤੇ ਉਸ ਦੇ ਸਮਰਥਕਾਂ  ਖ਼ਿਲਾਫ਼ ਵੱਡਾ ਆਪ੍ਰੇਸ਼ਨ ਪੰਜਾਬ ਪੁਲਸ ਨੇ ਸ਼ੁਰੂ ਕੀਤਾ ਹੈ, ਉਸ ਨਾਲ ਸੂਬਾ ਪੁਲਸ ਦਾ ਮਨੋਬਲ ਮੁੜ ਵਧਿਆ ਹੈ। ਪੰਜਾਬ ਪੁਲਸ ਦੇ ਇਸ ਆਪ੍ਰੇਸ਼ਨ ਨੇ ਅੱਤਵਾਦ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਪੁਲਸ ਅੱਤਵਾਦੀਆਂ ’ਤੇ ਇਸੇ ਤਰ੍ਹਾਂ ਦਬਾਅ ਬਣਾਉਂਦੀ ਸੀ।

ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਅਜਨਾਲਾ ਕਾਂਡ ਤੋਂ ਬਾਅਦ ਜੋ ਐੱਫ. ਆਈ. ਆਰ. ਦਰਜ ਕੀਤੀ ਸੀ, ਉਸ ਵਿਚ ਅੰਮ੍ਰਿਤਪਾਲ ਨੂੰ ਹੀ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਇਹ ਮਾਮਲਾ ਹੱਤਿਆ ਦੀ ਕੋਸ਼ਿਸ਼ ਨਾਲ ਜੁੜਿਆ ਹੋਇਆ ਸੀ, ਜਿਸ ਵਿਚ ਪੁਲਸ ਦੇ 6 ਅਧਿਕਾਰੀ ਤੇ ਜਵਾਨ ਜ਼ਖ਼ਮੀ ਹੋ ਗਏ ਸਨ।

Add a Comment

Your email address will not be published. Required fields are marked *