ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਦੇ ਸਨਮਾਨ ਸਮਾਗਮ ‘ਚ ਖਾਲਿਸਤਾਨੀ ਸਮਰਥਕਾਂ ਨੇ ਪਾਇਆ ਖ਼ਲਲ

ਓਟਾਵਾ- ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਸਥਾਨ ਤਾਜ ਪਾਰਕ ਕਨਵੈਨਸ਼ਨ ਸੈਂਟਰ ਸੀ। ਇਕ ਦਿਨ ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਖਾਲਿਸਤਾਨੀ ਸਮਰਥਕ ਸਮਾਗਮ ਵਾਲੀ ਥਾਂ ‘ਤੇ ਧਰਨਾ ਦੇਣ ਜਾ ਰਹੇ ਹਨ। ਅਧਿਕਾਰੀਆਂ ਨੂੰ ਸੰਭਾਵਿਤ ਅਮਨ-ਕਾਨੂੰਨ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਸੀ। ਅੱਜ ਪ੍ਰਬੰਧਕੀ ਕਮੇਟੀ ਸਮਾਗਮ ਵਾਲੀ ਥਾਂ ’ਤੇ ਪੁੱਜੀ ਤਾਂ ਸ਼ਾਮ 4 ਵਜੇ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ ਸਮਾਗਮ ਵਾਲੀ ਥਾਂ ’ਤੇ ਪਹੁੰਚ ਕੇ ਸਾਹਮਣੇ ਵਾਲੇ ਗੇਟ ਨੂੰ ਜਾਮ ਕਰ ਦਿੱਤਾ। ਉਨ੍ਹਾਂ ਨੇ ਕਿਸੇ ਵੀ ਵਿਅਕਤੀ ਨੂੰ ਸਮਾਗਮ ਵਾਲੀ ਥਾਂ ‘ਤੇ ਦਾਖ਼ਲ ਨਹੀਂ ਹੋਣ ਦਿੱਤਾ, ਜੋ ਕਿ ਕਾਨੂੰਨ ਦੇ ਵਿਰੁੱਧ ਸੀ ਕਿਉਂਕਿ ਇਹ ਇੱਕ ਨਿੱਜੀ ਥਾਂ ‘ਤੇ ਇੱਕ ਨਿੱਜੀ ਸਮਾਗਮ ਸੀ।

ਸਮਾਗਮ ਦੇ ਕੰਪਲੈਕਸ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ‘ਤੇ ਹਮਲਾ ਕੀਤਾ ਗਿਆ, ਇੱਥੋਂ ਤੱਕ ਕਿ ਮੀਡੀਆ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਗਿਆ। ਜਿਨ੍ਹਾਂ ਲੋਕਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ “ਸ਼ਾਂਤਮਈ” ਵਿਰੋਧ ਪ੍ਰਦਰਸ਼ਨਾਂ ਦੇ ਨਾਮ ‘ਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ, ਧੱਕਾ ਮਾਰਿਆ ਗਿਆ ਅਤੇ ਥੱਪੜ ਮਾਰੇ ਗਏ। ਦਿਲਚਸਪ ਗੱਲ ਇਹ ਰਹੀ ਕਿ ਇਹ ਸਭ ਕੁਝ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ.ਸੀ.ਐੱਮ.ਪੀ.) ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵਾਪਰਿਆ, ਜੋ ਇਸ ਅਰਾਜਕਤਾ ਦੇ ਚਸ਼ਮਦੀਦ ਗਵਾਹ ਸਨ। ਖਾਲਿਸਤਾਨੀ ਸਮਰਥਕਾਂ ਨੇ ਪਛਾਣੇ ਜਾਣ ਤੋਂ ਬਚਣ ਲਈ ਆਪਣੇ ਮੂੰਹ ਢਕੇ ਹੋਏ ਸਨ ਅਤੇ ਉਹ ਜ਼ਬਰਦਸਤੀ ਬੈਂਕੁਏਟ ਹਾਲ ਦੇ ਮੁੱਖ ਹਾਲ ਵਿਚ ਦਾਖਲ ਹੋ ਗਏ ਅਤੇ ਸਮਾਗਮ ਦੇ ਪ੍ਰਬੰਧਕਾਂ ‘ਤੇ ਹਮਲਾ ਕੀਤਾ। ਪੁਲਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਆਰ.ਸੀ.ਐੱਮ.ਪੀ. ਦੀ ਇਸ ਘਟਨਾ ਵਿੱਚ ਸ਼ੱਕੀ ਭੂਮਿਕਾ ਰਹੀ, ਉਹ ਭਾਰਤ ਦੇ ਹਾਈ ਕਮਿਸ਼ਨਰ ਦੇ ਸਨਮਾਨ ਵਿੱਚ ਆਯੋਜਿਤ ਕੀਤੇ ਜਾ ਰਹੇ ਸਮਾਗਮ ਦੇ ਸ਼ਾਂਤੀਪੂਰਨ ਆਯੋਜਨ ਨੂੰ ਯਕੀਨੀ ਬਣਾਉਣ ਵਿੱਚ ਅਸਮਰੱਥ ਸਨ।

ਆਰ.ਸੀ.ਐੱਮ.ਪੀ. ਦੀ ਮੌਜੂਦਗੀ ਵਿੱਚ ਹਾਜ਼ਰ ਲੋਕਾਂ ਦੀ ਕੁੱਟਮਾਰ ਕੀਤੀ ਗਈ ਪਰ ਆਰ.ਸੀ.ਐੱਮ.ਪੀ. ਸਿਰਫ਼ ਮੂਕ ਦਰਸ਼ਕ ਬਣੀ ਰਹੀ। ਸਰੀ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ ਡਰ ਦਾ ਮਾਹੌਲ ਹੈ। ਫਰੈਂਡਜ਼ ਆਫ ਕੈਨੇਡਾ ਐਂਡ ਇੰਡੀਆ ਫਾਊਂਡੇਸ਼ਨ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਆਰ.ਸੀ.ਐੱਮ.ਪੀ. ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਗੁੰਡਿਆਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।

Add a Comment

Your email address will not be published. Required fields are marked *