‘ਖੇਡਾਂ ਵਤਨ ਪੰਜਾਬ ਦੀਆਂ’ ਅੱਜ ਤੋਂ ਸ਼ੁਰੂ: ਤਿਆਰੀਆਂ ਮੁਕੰਮਲ

ਜਲੰਧਰ – 29 ਅਗਸਤ ਨੂੰ ਯਾਨੀ ਕਿ ਅੱਜ ਤੋਂ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਸ਼ੁਰੂ ਹੋਣ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦੇ ਮੱਦੇਨਜ਼ਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਖੇਡਾਂ ਦਾ ਸ਼ੁੱਭ ਆਰੰਭ ਸ਼ਾਮ 4 ਵਜੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਹ ਖੇਡਾਂ 21 ਅਕਤੂਬਰ ਤੱਕ ਚੱਲਣਗੀਆਂ। ਇਸ ਦੌਰਾਨ ਸਟੇਡੀਅਮ ‘ਚ ਮਸ਼ਾਲ ਯਾਤਰਾ ਵੀ ਕੱਢੀ ਜਾਵੇਗੀ। ਇਸ ਦੇ ਲਈ ਓਲੰਪਿਕ ਅਤੇ ਕਾਮਵੈਲਥ ਖੇਡਾਂ ‘ਚ ਮੈਡਲ ਜਿੱਤ ਚੁਕੇ 13 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। 

ਬੇਸ਼ੱਕ ‘ਖੇਡਾਂ ਵਤਨ ਪੰਜਾਬ ਦੀਆ’ ਤਹਿਤ ਖੇਡ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਪਰ ਖੇਡਾਂ 1 ਸਤੰਬਰ ਤੋਂ ਸ਼ੁਰੂ ਹੋਣਗੀਆਂ। 1 ਸਤੰਬਰ ਤੋਂ 7 ਸਤੰਬਰ ਤੱਕ ਇੱਕ ਹਫ਼ਤੇ ਲਈ ਬਲਾਕ ਪੱਧਰ ‘ਤੇ ਖੇਡ ਮੇਲਿਆਂ ਜਾ ਆਯੋਜਨ ਕੀਤਾ ਜਾਵੇਗਾ। ਖੇਡਾਂ ਦਾ ਅਗਲਾ ਪੜਾਅ ਜ਼ਿਲ੍ਹਾ ਪੱਧਰ ਦਾ ਹੈ। ਇਹ ਸਮਾਗਮ 12 ਤੋਂ 22 ਸਤੰਬਰ ਤੱਕ 10 ਦਿਨ ਚੱਲੇਗਾ। ਖੇਡਾਂ ਦੇ ਆਖਰੀ ਪੜਾਅ ਵਿਚ ਰਾਜ ਪੱਧਰੀ ਖੇਡਾਂ ਹੋਣਗੀਆਂ, ਜੋ 10 ਅਕਤੂਬਰ ਤੋਂ 21 ਅਕਤੂਬਰ ਤੱਕ ਚੱਲਣਗੀਆਂ। ਖੇਡ ਮੇਲੇ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਹੁਣ ਤੱਕ 1.5 ਲੱਖ ਤੋਂ ਵੱਧ ਖਿਡਾਰੀ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ 30 ਅਗਸਤ ਹੈ। ਜਿਹੜੇ ਖਿਡਾਰੀ ਖੇਡਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਕੱਲ੍ਹ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਵਧਾਈ ਗਈ ਸੁਰੱਖਿਆ

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਉਨ੍ਹਾਂ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨੂੰ ਫੀਲਡ ’ਚ ਰਹਿਣ ਅਤੇ ਸ਼ਹਿਰ ’ਚ ਨਾਕਾਬੰਦੀ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਅਤੇ ਕੁਝ ਹੋਰ ਹਿੱਸਿਆਂ ’ਚ ਸਾਦੇ ਕੱਪੜਿਆਂ ਵਿਚ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀ. ਸੀ. ਆਰ. ਦਸਤੇ ਨੂੰ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

Add a Comment

Your email address will not be published. Required fields are marked *