ਮੂਸੇਵਾਲਾ ਦੇ ਪਿਤਾ ਦੀ ਲਲਕਾਰ-ਕਿਹਾ ‘ਸਿੱਧੂ ਦਾ ਇਨਸਾਫ਼ ਤਾਂ ਲੈ ਕੇ ਰਹਾਂਗੇ, ਭਾਵੇਂ ਜਿੱਥੇ ਵੀ ਜਾਣਾ ਪਵੇ

ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 3 ਮਹੀਨੇ ਪੂਰੇ ਹੋ ਗਏ ਹਨ। ਸਿੱਧੂ ਦੀ ਬੇਵਕਤੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਚਾਹੁਣ ਵਾਲੇ ਲੋਕ ਹਰ ਰੋਜ਼ ਵੱਡੀ ਗਿਣਤੀ ਵਿਚ ਸਿੱਧੂ ਦੇ ਘਰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਹੇ ਹਨ। ਜਿੰਨ੍ਹਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਤੇ ਮਾੜਾ ਸਮਾਂ ਚੱਲਦਿਆਂ ਨੂੰ ਕਈ ਮਹੀਨੇ ਹੋ ਗਏ ਹਨ। ਪਿਛਲੇ ਦਿਨੀਂ ਕੱਢੇ ਗਏ ਕੈਂਡਲ ਮਾਰਚ ਲਈ ਮੈਂ ਆਪਣੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਸਭ ਨੇ ਸਾਡਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕਾਫੀ ਲੰਬੀ ਜਾਵੇਗੀ ਕਿਉਂਕਿ ਬਾਹਰੀ ਸੂਬਿਆਂ ਤੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਹੈ। ਇਸ ਲਈ ਜ਼ਿਆਦਾ ਸਮਾਂ ਲੱਗਣਾ ਲਾਜ਼ਮੀ ਹੈ।ਇਸ ਲਈ ਅਸੀਂ ਵੀ ਇੰਤਜ਼ਾਰ ਕਰਾਂਗੇ ਅਤੇ ਇਨਸਾਫ਼ ਲੈ ਕੇ ਛੱਡਾਂਗੇ, ਜੋ ਕਿ ਸਾਡਾ ਅਧਿਕਾਰ ਵੀ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਨਾ ਮਿਲਣ ਵਾਲੀ ਗੱਲ ਦਿਮਾਗ ‘ਚੋਂ ਕੱਢ ਦਿਓ ਕਿਉਂਕਿ ਇਹ ਕਤਲ ਇਕ ਸਾਧ ਬੰਦੇ ਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੁਰਮ ਦੀ ਵੀ ਇੱਕ ਹੱਦ ਹੁੰਦੀ ਹੈ ਪਰ ਇਨ੍ਹਾਂ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਅਤੇ ਇਕ ਭਲੇਮਾਣਸ ਬੰਦੇ ਨੂੰ ਮਾਰ ਦਿੱਤਾ ਜਿਸਨੂੰ ਕੋਈ ਵੀ ਖੌਫ਼ ਨਹੀਂ ਸੀ।

ਦੱਸ ਦਈਏ ਕਿ ਸਿੱਧੂ ਦੇ ਪਿਤਾ ਨੇ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਮਨ ਵਿਚ ਇਕ ਫ਼ੀਸਦੀ ਵੀ ਦੁਸ਼ਮਣੀ ਵਾਲਾ ਜਾਂ ਕੋਈ ਵਿਚਾਰ ਚੱਲਦਾ ਹੁੰਦਾ ਤਾਂ ਉਹ ਬਾਥਰੂਮ ਚੱਪਲਾਂ ਪਾ ਕੇ ਘਰੋਂ ਸ਼ਹਿਰ ਨਾ ਜਾਂਦਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮੇਰਾ ਇਸ ਦੁਨੀਆ ‘ਤੇ ਕੋਈ ਵੀ ਦੁਸ਼ਮਣ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ 28 ਸਾਲ ਜ਼ਿੰਦਗੀ ਆਪਣੇ ਮਾਪਿਆਂ ਲਈ ਜਿਉਂਈ ਸੀ ਅਤੇ ਜਿਸ ਤਰ੍ਹਾਂ ਉਹ ਮੈਨੂੰ ਆਪਣੇ ਮਨਸੂਬੇ ਦੱਸਦਾ ਹੁੰਦਾ ਸੀ, ਉਸਦੀ ਇਹ ਇੱਛਾ ਸੀ ਕਿ ਮੈਂ ਆਪਣੇ ਹਲਕੇ ਦਾ ਅਤੇ ਆਪਣੇ ਇਲਾਕੇ ਦਾ ਪੁੱਤ ਬਣ ਕੇ ਦਿਖਾਵਾਂ। ਸਿੱਧੂ ਨੇ ਆਪਣੇ ਪਛੜੇ ਇਲਾਕੇ ਦਾ ਦਾਗ ਧੋਣ ਲਈ ਕੁਝ ਯਤਨ ਵੀ ਕੀਤੇ। ਜੇਕਰ ਉਸ ਨੂੰ 2-4 ਸਾਲ ਦਾ ਸਮਾਂ ਹੋਰ ਮਿਲ ਜਾਂਦਾ ਤਾਂ ਮਾਨਸਾ ਜਿਲ੍ਹੇ ਦੀ ਤਸਵੀਰ ਕੁਝ ਹੋਰ ਹੀ ਹੋਣੀ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸੁਫਨਾ ਸੀ ਕਿ ਇੱਥੇ ਇੱਕ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਜਾਵੇ, ਜਿੱਥੇ ਹਰ ਬਿਮਾਰੀ ਦਾ ਆਸਾਨੀ ਨਾਲ ਇਲਾਜ ਹੋ ਸਕੇ ਪਰ ਉਹ ਸੁਫਨਾ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੌਖਲਾਹਟ ਵਿਚ ਆਏ ਬਿਨਾਂ ਲੜਾਈ ਲੜਨੀ ਹੈ ਤੇ ਇਸ ਲਈ ਜਿੱਥੇ ਵੀ ਜਾਣਾ ਪਿਆ ਉਥੇ ਤੱਕ ਪਹੁੰਚਾਂਗੇ।

ਦੱਸ ਦੇਈਏ ਕਿ 29 ਮਈ 2022 ਦਿਨ ਐਤਵਾਰ ਨੂੰ ਦੁਪਹਿਰ ਬਾਅਦ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ। ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿਚ ਸਿੱਧੂ ਨੂੰ ਕਈ ਗੋਲੀਆਂ ਲੱਗੀਆਂ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।
 
ਦੱਸਣਯੋਗ ਹੈ ਕਿ ਲਾਰੈਂਸ ਗੈਂਗ ਦੇ ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਦਿੱਲੀ ਪੁਲਸ ਨੇ 3 ਸ਼ਾਰਪ ਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਹੈ ,ਜਿਨ੍ਹਾਂ ਨੇ ਉਨ੍ਹਾਂ ਦਾ ਕਤਲ ਕੀਤਾ ਸੀ। ਦੋ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਪੰਜਾਬ ਪੁਲਸ ਨੇ ਅੰਮ੍ਰਿਤਸਰ ਵਿਚ ਇੱਕ ਮੁਕਾਬਲੇ ਵਿਚ ਮਾਰ ਦਿੱਤਾ ਸੀ। ਛੇਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ। ਪੰਜਾਬ ਪੁਲਸ ਇਸ ਮਾਮਲੇ ਵਿਚ ਲਾਰੈਂਸ ਅਤੇ ਜੱਗੂ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰ ਰਹੀ ਹੈ। ਕਤਲ ਕੇਸ ਵਿਚ 24 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Add a Comment

Your email address will not be published. Required fields are marked *