ਰੂਸੀ ਜੈੱਟ ਨਾਲ ਟਕਰਾ ਕੇ ਕਾਲੇ ਸਾਗਰ ‘ਚ ਡੁੱਬਿਆ ਅਮਰੀਕੀ ਡਰੋਨ

 ਯੂਕ੍ਰੇਨ ਯੁੱਧ ਨੂੰ ਲੈ ਕੇ ਰੂਸ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਕ ਅਮਰੀਕੀ ਡਰੋਨ ਇਕ ਰੂਸੀ ਲੜਾਕੂ ਜਹਾਜ਼ ਨਾਲ ਟਕਰਾ ਗਿਆ ਅਤੇ ਕਾਲੇ ਸਾਗਰ ਵਿੱਚ ਡਿੱਗ ਗਿਆ। ਇਹ ਜਾਣਕਾਰੀ ਅਮਰੀਕੀ ਫੌਜ ਨੇ ਦਿੱਤੀ ਹੈ। ਇਸ ਦੇ ਨਾਲ ਹੀ ਖ਼ਬਰਾਂ ਮੁਤਾਬਕ ਰੂਸੀ ਫਾਈਟਰ ਜੈੱਟ ਨੇ ਅਮਰੀਕੀ ਹਵਾਈ ਫੌਜ ਦੇ ਡਰੋਨ ਨੂੰ ਟੱਕਰ ਮਾਰ ਕੇ ਕਾਲੇ ਸਾਗਰ ‘ਚ ਡੁਬੋ ਦਿੱਤਾ। ਮੰਗਲਵਾਰ ਨੂੰ ਕਾਲਾ ਸਾਗਰ ‘ਤੇ ਉਸ ਸਮੇਂ ਅਜੀਬੋ-ਗਰੀਬ ਸਥਿਤੀ ਬਣ ਗਈ, ਜਦੋਂ ਇਕ ਰੂਸੀ ਜੈੱਟ ਅਤੇ ਅਮਰੀਕੀ MQ-9 ਰੀਪਰ ਡਰੋਨ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਰੂਸੀ ਜੈੱਟ ਨੇ ਅਮਰੀਕੀ ਡਰੋਨ ਦੇ ਪ੍ਰੋਪੈਲਰ ਨੂੰ ਨੁਕਸਾਨ ਪਹੁੰਚਾਇਆ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕੀ ਰੀਪਰ ਡਰੋਨ ਅਤੇ 2 ਰੂਸੀ SU-27 ਲੜਾਕੂ ਜਹਾਜ਼ ਕਾਲੇ ਸਾਗਰ ਦੇ ਉੱਪਰ ਅੰਤਰਰਾਸ਼ਟਰੀ ਪਾਣੀਆਂ ‘ਤੇ ਚੱਕਰ ਲਗਾ ਰਹੇ ਸਨ। ਸੀਐੱਨਐੱਨ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਦੌਰਾਨ ਇਕ ਰੂਸੀ ਜੈੱਟ ਜਾਣਬੁੱਝ ਕੇ ਅਮਰੀਕੀ ਡਰੋਨ ਦੇ ਸਾਹਮਣੇ ਆ ਗਿਆ ਅਤੇ ਜੈੱਟ ਤੋਂ ਤੇਲ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਜੈੱਟ ਨੇ ਡਰੋਨ ਦੇ ਪ੍ਰੋਪੈਲਰ ਨੂੰ ਨੁਕਸਾਨ ਪਹੁੰਚਾਇਆ। ਇਹ ਪ੍ਰੋਪੈਲਰ ਡਰੋਨ ਦੇ ਪਿਛਲੇ ਹਿੱਸੇ ਨਾਲ ਜੁੜਿਆ ਹੋਇਆ ਸੀ। ਪ੍ਰੋਪੈਲਰ ਖਰਾਬ ਹੋਣ ਤੋਂ ਬਾਅਦ ਅਮਰੀਕੀ ਬਲਾਂ ਨੂੰ ਡਰੋਨ ਨੂੰ ਕਾਲੇ ਸਾਗਰ ਵਿੱਚ ਸੁੱਟਣ ਲਈ ਮਜਬੂਰ ਹੋਣਾ ਪਿਆ। ਦੱਸ ਦੇਈਏ ਕਿ ਪ੍ਰੋਪੈਲਰ ਡਰੋਨ ਦੇ ਪੱਖੇ ਦੀ ਤਰ੍ਹਾਂ ਹੁੰਦਾ ਹੈ, ਜਦੋਂ ਇਸ ਦਾ ਬਲੇਡ ਘੁੰਮਦਾ ਹੈ ਤਾਂ ਇਹ ਥਰਸਟ ਬਣਾਉਂਦਾ ਹੈ ਅਤੇ ਡਰੋਨ ਨੂੰ ਉੱਡਣ ਵਿੱਚ ਮਦਦ ਕਰਦਾ ਹੈ।

Add a Comment

Your email address will not be published. Required fields are marked *