ਰੇਗਿਸਤਾਨ ’ਚ ਜ਼ਮੀਨ ਦੇ ਹੇਠਾਂ ਰਹਿੰਦੇ ਹਨ ਲੋਕ, ਵਸਿਆ ਹੈ ਪੂਰਾ ਸ਼ਹਿਰ

ਸਿਡਨੀ : ਧਰਤੀ ‘ਤੇ ਹਰ ਕੋਈ ਜ਼ਮੀਨ ਤੋਂ ਉੱਪਰ ਹੀ ਰਹਿੰਦਾ ਹੈ। ਜ਼ਮੀਨ ਦੇ ਉੱਪਰ ਹੀ ਲੋਕਾਂ ਦੀ ਪੂਰੀ ਦੁਨੀਆ ਵਸੀ ਹੋਈ ਹੈ ਪਰ ਧਰਤੀ ’ਤੇ ਇਕ ਥਾਂ ਅਜਿਹੀ ਵੀ ਹੈ, ਜਿਥੇ ਲੋਕ ਜ਼ਮੀਨ ਦੇ ਉੱਪਰ ਨਹੀਂ ਸਗੋਂ ਹੇਠਾਂ ਘਰ ਬਣਾ ਕੇ ਰਹਿੰਦੇ ਹਨ। ਇਨ੍ਹਾਂ ਦੇ ਘਰ ਬਹੁਤ ਆਲੀਸ਼ਾਨ ਅਤੇ ਹਰ ਸੁੱਖ-ਸਹੂਲਤਾਂ ਨਾਲ ਲੈਸ ਹੁੰਦੇ ਹਨ। ਦੇਖਣ ‘ਚ ਇਹ ਕਿਸੇ ਆਧੁਨਿਕ ਸ਼ਹਿਰ ਵਰਗਾ ਲੱਗਦਾ ਹੈ। ਇਹ ਅਨੋਖਾ ਸ਼ਹਿਰ ਆਸਟ੍ਰੇਲੀਆ ਦੇ ਰੇਗਿਸਤਾਨੀ ਇਲਾਕੇ ਵਿੱਚ ਵਸਿਆ ਹੈ। ਇਸ ਨੂੰ ‘ਕੂਬਰ ਪੇਡੀ’ (Coober Pedy) ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਸ ਸ਼ਹਿਰ ਵਿੱਚ ਰੇਗਿਸਤਾਨ ਦਰਮਿਆਨ ਹਰ ਜਗ੍ਹਾ ਸਿਰਫ ਲਾਲ ਅਤੇ ਭੂਰੇ ਰੰਗ ਦੀ ਜ਼ਮੀਨ ਨਜ਼ਰ ਆਉਂਦੀ ਹੈ। ਜ਼ਮੀਨ ਦੇ ਉੱਪਰ ਲੋਕ ਘਰ ਬਣਾ ਕੇ ਰਹਿੰਦੇ ਹਨ ਪਰ ਇੱਥੇ ਇਕ ਹਿੱਸਾ ਅਜਿਹਾ ਵੀ ਹੈ, ਜਿਥੇ ਜ਼ਮੀਨ ਦੇ ਉੱਪਰ ਕੁਝ ਨਹੀਂ ਦਿਸਦਾ ਪਰ ਜ਼ਮੀਨ ਦੇ ਹੇਠਾਂ ਲਗਜ਼ਰੀ ਲਾਈਫ਼ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਵਿੱਚ ਸਵੀਮਿੰਗ ਪੂਲ, ਹੋਟਲ, ਚਰਚ ਸਮੇਤ ਕਈ ਸ਼ਾਨਦਾਰ ਰੈਸਟੋਰੈਂਟ ਵੀ ਮੌਜੂਦ ਹਨ। ਕੂਬਰ ਪੇਡੀ ਬਹੁਤ ਗਰਮ ਥਾਂ ਹੈ। ਇੱਥੇ ਸਰਦੀਆਂ ਦੇ ਮੌਸਮ ‘ਚ ਵੀ ਗਰਮੀ ਰਹਿੰਦੀ ਹੈ ਤੇ ਮੀਂਹ ਵੀ ਬਹੁਤ ਪੈਂਦਾ ਹੈ। ਇਹ ਇਕ ਵੱਡਾ ਕਾਰਨ ਹੈ ਕਿ ਲੋਕ ਜ਼ਮੀਨ ਦੇ ਹੇਠਾਂ ਰਹਿਣਾ ਪਸੰਦ ਕਰਦੇ ਹਨ। ਇੱਥੇ ਜੇਕਰ 24 ਘੰਟੇ ਵੀ ਠੀਕ-ਠਾਕ ਬਾਰਿਸ਼ ਹੋ ਜਾਵੇ ਤਾਂ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ।

ਇਸ ਸ਼ਹਿਰ ਦੀ ਖਾਸੀਅਤ ਹੈ ਕਿ ਇੱਥੇ ਇਕ ਜਾਂ ਦੋ ਨਹੀਂ, ਬਲਕਿ ਜ਼ਮੀਨ ਦੇ ਹੇਠਾਂ ਵਸੇ ਇਸ ਸ਼ਹਿਰ ਵਿੱਚ 45 ਦੇਸ਼ਾਂ ਦੇ ਲਗਭਗ 3500 ਲੋਕ ਵਸੇ ਹੋਏ ਹਨ। ਇੱਥੋਂ ਦੇ ਲੋਕ ਰਾਤ ‘ਚ ਹੀ ਖੇਡਾਂ ਦਾ ਆਨੰਦ ਲੈਂਦੇ ਹਨ। ਇੱਥੇ 60 ਫ਼ੀਸਦੀ ਲੋਕ ਯੂਰਪ ਦੇ ਰਹਿਣ ਵਾਲੇ ਹਨ। ਇਸ ਸ਼ਹਿਰ ਦਾ ਸੱਭਿਆਚਾਰ ਸ਼ਾਨਦਾਰ ਹੈ, ਜਿਸ ਕਾਰਨ ਇਸ ਨੂੰ ਆਮ ਲੋਕ ਪਸੰਦ ਕਰਦੇ ਹਨ। ਇੱਥੇ ਕਮਾਈ ਦਾ ਸਾਧਨ ਸੈਲਾਨੀ ਅਤੇ ਓਪਲ ਦੀਆਂ ਖਾਨਾਂ ਹਨ। ਇਸ ਸ਼ਹਿਰ ‘ਚ ਵੱਡੇ ਹੋਟਲ ਵੀ ਮੌਜੂਦ ਹਨ। ਇੱਥੋਂ ਦਾ ਗੋਲਫ ਕੋਰਸ ਬਹੁਤ ਮਸ਼ਹੂਰ ਹੈ।

Add a Comment

Your email address will not be published. Required fields are marked *