ਭਗਵੰਤ ਮਾਨ ਸਰਕਾਰ ਨੇ ਉਚੇਰੀ ਸਿੱਖਿਆ ਲਈ ਰੱਖੇ 990 ਕਰੋੜ ਰੁਪਏ : ਹਰਜੋਤ ਬੈਂਸ

ਚੰਡੀਗੜ੍ਹ : ਪੰਜਾਬ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਨੂੰ ਪੈਰਾਂ ਸਿਰ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤੇ ਬਜਟ ’ਚ 990 ਕਰੋੜ ਰੁਪਏ ਰੱਖੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਸਰਕਾਰੀ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਵੱਲ ਕਦੀ ਵੀ ਧਿਆਨ ਨਹੀਂ ਦਿੱਤਾ ਸੀ, ਜਿਸ ਕਾਰਨ ਇਨ੍ਹਾਂ ਸੰਸਥਾਵਾਂ ਦੀ ਵਿੱਤੀ ਹਾਲਤ ਖ਼ਰਾਬ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਪੰਜਾਬ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਲਗਾਤਾਰ ਦੂਸਰੇ ਬਜਟ ’ਚ 990 ਕਰੋੜ ਰੁਪਏ ਜਾਰੀ ਕੀਤਾ ਗਿਆ ਹੈ। ਬੈਂਸ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14 ਦੌਰਾਨ 24.33 ਕਰੋੜ ਜਾਰੀ ਕੀਤੇ ਗਏ ਸਨ, ਜਦਕਿ ਵਿੱਤੀ ਵਰ੍ਹੇ 2017-18 ਦੌਰਾਨ 33 ਕਰੋੜ ਦਿੱਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 42.70 ਕਰੋੜ ਜਾਰੀ ਕੀਤੇ ਗਏ ਸਨ।

ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14 ਦੌਰਾਨ 55.95 ਕਰੋੜ ਜਾਰੀ ਕੀਤੇ ਗਏ ਸਨ, ਜਦਕਿ ਵਿੱਤੀ ਵਰ੍ਹੇ 2017-18 ਦੋਰਾਨ 88.09 ਕਰੋੜ ਦਿੱਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 200 ਕਰੋੜ ਜਾਰੀ ਕੀਤੇ ਗਏ ਸਨ । ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14 ਦੌਰਾਨ 45.30 ਕਰੋੜ ਜਾਰੀ ਕੀਤੇ ਗਏ ਸਨ, ਜਦਕਿ ਵਿੱਤੀ ਵਰ੍ਹੇ 2017-18 ਦੋਰਾਨ 49.55 ਕਰੋੜ ਦਿਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 75 ਕਰੋੜ ਜਾਰੀ ਕੀਤੇ ਗਏ ਸਨ ।

Add a Comment

Your email address will not be published. Required fields are marked *