ਮੂਸੇਵਾਲਾ ਕਤਲ: ਮਰਹੂਮ ਗਾਇਕ ਦੇ ਦੋ ਸਾਥੀ ਨਾਮਜ਼ਦ

ਚੰਡੀਗੜ੍ਹ/ਮਾਨਸਾ, 27 ਅਗਸਤ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੁਲੀਸ ਵੱਲੋਂ ਕੀਤੀ ਜਾ ਰਹੀ ਪੜਤਾਲ ਦਾ ਘੇਰਾ ਹੁਣ ਸੰਗੀਤ ਜਗਤ ਵੱਲ ਵੱਧਣ ਲੱਗਾ ਹੈ। ਬੀਤੇ ਦਿਨ ਮਾਨਸਾ ਪੁਲੀਸ ਵੱਲੋਂ ਜਿਨ੍ਹਾਂ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੰਗੀਤ ਜਗਤ ਨਾਲ ਜੁੜੀਆਂ ਦੋ ਹਸਤੀਆਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਕ੍ਰਮਵਾਰ ‘ਫੋਕ ਮਾਫੀਆ’ ਅਤੇ ‘ਜੱਟ ਲਾਈਫ ਸਟੂਡੀਓ’ ਚਲਾਉਂਦੇ ਹਨ। ਦੋਵੇਂ ਮੁਲਜ਼ਮਾਂ ’ਤੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਸੰਗੀਤ ਜਗਤ ਨਾਲ ਜੁੜੇ ਕਿਸੇ ਵੀ ਵਿਅਕਤੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਅੱਜ ਇਥੇ ਕਿਹਾ ਕਿ ਗਰੇਵਾਲ ਤੇ ਜੋਤੀ ਦੋਵੇਂ ਹੀ ਸਿੱਧੂ ਮੂਸੇਵਾਲਾ ਦੇ ਸ਼ੁਰੂਆਤੀ ਦਿਨਾਂ ਦੇ ਉਸ ਦੇ ਦੋਸਤ ਸਨ ਤੇ ਦੋਵਾਂ ਨਾਲ ਸਿੱਧੂ ਦੀਆਂ ਕਾਫ਼ੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਖ਼ਦਸ਼ਾ ਹੈ ਕਿ ਇਸ ਕੇਸ ਦੀ ਜਾਂਚ ਦੌਰਾਨ ਸੰਗੀਤ ਜਗਤ ਨਾਲ ਜੁੜੇ ਕੁਝ ਹੋਰ ਲੋਕ ਵੀ ਸਾਹਮਣੇ ਆ ਸਕਦੇ ਹਨ। ਕੱਲ੍ਹ ਨਾਮਜ਼ਦ ਕੀਤੇ ਗਏ ਪੰਜ ਵਿਅਕਤੀਆਂ ਵਿੱਚ ਦੋ ਸਿੱਧੂ ਦੇ ਗੁਆਂਢੀ ਹਨ, ਜਿਨ੍ਹਾਂ ਦਾ ਨਾਂ ਜਗਤਾਰ ਸਿੰਘ ਤੇ ਅਵਤਾਰ ਸਿੰਘ ਹੈ। ਜਗਤਾਰ ਨੇ ਹੀ ਸਿੱਧੂ ਦੀ ਮੁਲਾਕਾਤ ਕੰਵਰਪਾਲ ਤੇ ਜੋਤੀ ਪੰਧੇਰ ਨਾਲ ਕਰਵਾਈ ਸੀ। ਜ਼ਿਕਰਯੋਗ ਹੈ ਕਿ ਜਗਤਾਰ ਪਹਿਲਾਂ ਸਿੱਧੂ ਦਾ ਨਜ਼ਦੀਕੀ ਰਿਹਾ ਹੈ ਤੇ ਉਸ ਦੇ ਗੀਤਾਂ ਦੀ ਪ੍ਰਮੋਸ਼ਨ ਵੀ ਕਰਦਾ ਰਿਹਾ ਹੈ। ਮਗਰੋਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਣਬਣ ਹੋ ਗਈ ਸੀ।

ਜਗਤਾਰ ਖ਼ਿਲਾਫ਼ ਇਹ ਵੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਘਰ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ ਅਸਲ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਵੱਲ ਮੂੰਹ ਕਰਕੇ ਲਗਾਏ ਗਏ ਸਨ, ਜਿਸ ਰਾਹੀਂ ਉਹ ਸਿੱਧੂ ’ਤੇ ਨਜ਼ਰ ਰੱਖ ਰਿਹਾ ਸੀ। ਜ਼ਿਕਰਯੋਗ ਹੈ ਕਿ 2020 ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੰਵਰਪਾਲ ਸਿੰਘ ਤੇ ਜੋਤੀ ਪੰਧੇਰ ਖ਼ਿਲਾਫ਼ ਸਿੱਧੂ ਦਾ ਇੱਕ ਗੀਤ ਲੀਕ ਕਰਨ ਸਬੰਧੀ ਇੱਕ ਐੱਫਆਈਆਰ ਵੀ ਦਰਜ ਕਰਵਾਈ ਗਈ ਸੀ। ਗ਼ੌਰਤਲਬ ਹੈ ਕਿ ਬੀਤੇ ਦਿਨੀਂ ਵੀ ਬਲਕੌਰ ਸਿੰਘ ਵੱਲੋਂ ਸਿੱਧੂ ਦੇ ਕਤਲ ਲਈ ਉਸ ਦੇ ਕੁਝ ਦੋਸਤਾਂ ਅਤੇ ਨੇੜਲਿਆਂ ਦੇ ਸ਼ਾਮਲ ਹੋਣ ਦੀ ਵੀ ਗੱਲ ਕਹੀ ਗਈ ਸੀ ਤੇ ਇਸੇ ਸ਼ਿਕਾਇਤ ਦੇ ਆਧਾਰ ’ਤੇ ਹੀ ਮਗਰੋਂ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Add a Comment

Your email address will not be published. Required fields are marked *