ਸਿਆਟਲ ‘ਚ ਜਾਤੀਗਤ ਭੇਦਭਾਵ ‘ਤੇ ਪਾਬੰਦੀ ਲਗਾਏ ਜਾਣ ਮਗਰੋਂ ਟੋਰਾਂਟੋ ‘ਚ ਵੀ ਗਰਮਾਇਆ ਇਹ ਮੁੱਦਾ

ਵਾਸ਼ਿੰਗਟਨ- ਸਿਆਟਲ ਵਿਚ ਜਾਤੀ ਆਧਾਰਿਤ ਭੇਦਭਾਵ ‘ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਹੁਣ ਕੈਨੇਡਾ ਦੇ ਟੋਰਾਂਟੋ ਵਿਚ ਵੀ ਇਹ ਮੁੱਦਾ ਗਰਮਾਇਆ ਹੋਇਆ ਹੈ, ਜਿੱਥੇ ਇਕ ਧੜਾ ਜਾਤੀਗਤ ਭੇਦਭਾਵ ਦਾ ਵਿਰੋਧ ਕਰ ਰਿਹਾ ਹੈ ਪਰ ਦੂਜਾ ਧੜਾ ਇਸ ਤਰ੍ਹਾਂ ਦੀ ਪਾਬੰਦੀ ਦੇ ਖ਼ਿਲਾਫ਼ ਹੈ। ਸਿਆਟਲ ਪਿਛਲੇ ਮਹੀਨੇ ਜਾਤੀ ਆਧਾਰਿਤ ਭੇਦਭਾਵ ‘ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ। ਭਾਰਤੀ ਅਮਰੀਕੀ ਨੇਤਾ ਸ਼ਮਾ ਸਾਵੰਤ ਨੇ ਸਿਆਟਲ ਸਿਟੀ ਕੌਂਸਲ ਵਿਚ ਭੇਦਭਾਵ ਨਾ ਕਰਨ ਦੀ ਨੀਤੀ ਵਿਚ ਜਾਤੀ ਨੂੰ ਸ਼ਾਮਲ ਕਰਨ ਲਈ ਇਕ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ। ਉੱਚ ਜਾਤੀ ਦੀ ਹਿੰਦੂ ਨੇਤਾ ਸਾਵੰਤ ਦੇ ਪ੍ਰਸਤਾਵ ਨੂੰ ਸਿਆਟਲ ਦੇ ਸਦਨ ਯਾਨੀ ਸਿਟੀ ਕੌਂਸਲ ਵਿਚ 1 ਦੇ ਮੁਕਾਬਲੇ 6 ਵੋਟਾਂ ਨਾਲ ਪਾਸ ਕੀਤਾ ਗਿਆ।

ਅਮਰੀਕਾ ਵਿਚ ਜਾਤੀ ਆਧਾਰਿਤ ਭੇਦਭਾਵ ਦੇ ਮਾਮਲੇ ‘ਤੇ ਇਸ ਵੋਟ ਦੇ ਨਤੀਜੇ ਦੇ ਦੂਰਗਾਮੀ ਪ੍ਰਭਾਵ ਪੈ ਸਕਦੇ ਹਨ। ਜਾਤੀਗਤ ਭੇਦਭਾਵ ਸਬੰਧੀ ਪ੍ਰਸਤਾਵ ਨੂੰ ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ (ਟੀ.ਡੀ.ਐੱਸ.ਬੀ.) ਦੇ ਸਾਹਮਣੇ ਵਿਚਾਰ-ਵਟਾਂਦਰੇ ਲਈ ਰੱਖਿਆ ਗਿਆ ਪਰ ਬੋਰਡ ਨੇ 8 ਮਾਰਚ ਨੂੰ ਇਸ ਨੂੰ ਓਂਟਾਰੀਓ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸਮੀਖਿਆ ਲਈ ਭੇਜਿਆ। ਬੋਰਡ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਵਿਚ ਮੁਹਾਰਤ ਪ੍ਰਾਪਤ ਨਹੀਂ ਹੈ। ਸਿਆਟਲ ਦੀ ਸਿਟੀ ਕੌਂਸਲਰ ਸਾਵੰਤ ਨੇ ਟੀ.ਡੀ.ਐੱਸ.ਬੀ. ਮੈਂਬਰਾਂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਇਸ ਪ੍ਰਸਤਾਵ ‘ਤੇ ਜੇਕਰ ‘ਹਾਂ’ ਵਿਚ ਜਵਾਬ ਆਉਂਦਾ ਹੈ ਤਾਂ ਇਹ ਟੋਰਾਂਟੋ ਵਿਚ ਸਾਰੇ ਸਕੂਲੀ ਵਿਦਿਆਰਥੀਆਂ ਦੇ ਹਿੱਤ ਵਿਚ ਹੋਵੇਗਾ।

ਵਿਦਿਆਰਥੀ ਵਿਦਿਅਕ ਮਾਹੌਲ ਵਿੱਚ ਕਈ ਤਰੀਕਿਆਂ ਨਾਲ ਜਾਤੀਗਤ ਭੇਦਭਾਵ ਦਾ ਅਨੁਭਵ ਕਰ ਸਕਦੇ ਹਨ। ਉਨ੍ਹਾਂ ਨੂੰ ਜਾਤੀਵਾਦੀ ਅਪਸ਼ਬਦਾਂ, ਸਮਾਜਕ ਅਤੇ ਆਨਲਾਈਨ ਮਾਹੌਲ ਵਿੱਚ ਭੇਦਭਾਵ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਇਸ ਪ੍ਰਸਤਾਵ ਦਾ ਵਿਰੋਧ ਕਰ ਰਹੀ ‘ਕੋਲੀਸ਼ਨ ਆਫ ਹਿੰਦੂਜ਼ ਆਫ ਨੌਰਥ ਅਮਰੀਕਾ’ (COHNA) ਨੇ ਕਿਹਾ ਕਿ ਕਿਸੇ ਇੱਕ ਭਾਈਚਾਰੇ ਨੂੰ ਚਿੰਨ੍ਹਿਤ ਕੀਤੇ ਜਾਣ ਕਾਰਨ ਕੈਨੇਡੀਅਨ ਦੱਖਣੀ ਏਸ਼ੀਆਈ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ COHNA ਕੈਨੇਡਾ ਦੀ ਮਦਦ ਨਾਲ ਭਾਈਚਾਰੇ ਦੇ ਲੋਕਾਂ ਨੇ ਬੋਰਡ ਦੇ ਟਰੱਸਟੀਆਂ ਨੂੰ 21,000 ਤੋਂ ਵੱਧ ਈਮੇਲਾਂ ਭੇਜੀਆਂ ਹਨ ਅਤੇ ਕਈ ਫ਼ੋਨ ਕਾਲਾਂ ਕੀਤੀਆਂ। ਨੌਰਥ ਯਾਰਕ ਵਿੱਚ ਟੀਡੀਐੱਸਬੀ ਦਫ਼ਤਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ।

Add a Comment

Your email address will not be published. Required fields are marked *