ਸਤੀਸ਼ ਕੌਸ਼ਲ ਦੀ ਅੰਤਿਮ ਵਿਦਾਈ ਦੌਰਾਨ ਸਲਮਾਨ ਖ਼ਾਨ ਤੇ ਅਨੁਪਮ ਖੇਰ ਰੋਏ ਫੁੱਟ-ਫੁੱਟ ਕੇ

ਨਵੀਂ ਦਿੱਲੀ – ਜ਼ਿੰਦਾਦਿਲ ਅਦਾਕਾਰ ਸਤੀਸ਼ ਕੌਸ਼ਿਕ ਇੱਕ ਦਿਨ ਸਭ ਨੂੰ ਛੱਡ ਕੇ ਇਸ ਤਰ੍ਹਾਂ ਚਲੇ ਜਾਣਗੇ, ਕਿਸੇ ਨੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ‘ਯਾਰੋਂ ਕੇ ਯਾਰ’ ਦੇ ਨਾਂ ਨਾਲ ਮਸ਼ਹੂਰ ਸਤੀਸ਼ ਕੌਸ਼ਿਕ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਸਦਮੇ ਵਿਚ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ‘ਤੇ ਹਰ ਕੋਈ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਆਇਆ। ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਵੀ ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨ ਕਰਕੇ ਭਾਵੁਕ ਹੋ ਗਏ। 

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਆਪਣੇ ਹੰਝੂ ਛੁਪਾਉਂਦੇ ਨਜ਼ਰ ਆ ਰਹੇ ਹਨ। ਸਲਮਾਨ ਨਾਲ ਸਤੀਸ਼ ਕੌਸ਼ਿਕ ਦੀ ਬਾਂਡਿੰਗ ਕਾਫ਼ੀ ਚੰਗੀ ਸੀ। ਸਤੀਸ਼ ਕੌਸ਼ਿਕ ਨੇ ਫ਼ਿਲਮ ‘ਤੇਰੇ ਨਾਮ’ ਲਈ ਸਲਮਾਨ ਨੂੰ ਮੁੱਖ ਅਦਾਕਾਰ ਵਜੋਂ ਕਾਸਟ ਕੀਤਾ, ਜੋ ਉਸ ਸਾਲ ਦੀ ਸੁਪਰਹਿੱਟ ਫ਼ਿਲਮ ਸਾਬਤ ਹੋਈ। ਅਜਿਹੇ ‘ਚ ਆਪਣੇ ਖ਼ਾਸ ਦੋਸਤ ਨੂੰ ਗੁਆਉਣ ਦਾ ਦੁੱਖ ਸਲਮਾਨ ਦੇ ਦਿਲ ਨੂੰ ਠੇਸ ਪਹੁੰਚਾ ਰਿਹਾ ਹੈ।

ਅਭਿਨੇਤਾ ਦੇ ਸਭ ਤੋਂ ਚੰਗੇ ਦੋਸਤ ਅਨੁਪਮ ਖੇਰ ਵੀ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਵੇਲੇ ਫੁੱਟ-ਫੁੱਟ ਕੇ ਰੋਏ। ਇਨ੍ਹਾਂ ਤੋਂ ਇਲਾਵਾ ਜਾਵੇਦ ਅਖਤਰ, ਇਲਾ ਅਰੁਣ, ਅੰਨੂ ਕਪੂਰ, ਰਣਬੀਰ ਕਪੂਰ, ਰਜ਼ਾ ਮੁਰਾਦ, ਬੋਨੀ ਕਪੂਰ ਸਮੇਤ ਕਈ ਲੋਕ ਸਤੀਸ਼ ਕੌਸ਼ਿਕ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਵੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਅਦਾਕਾਰ ਦੇ ਘਰ ਪਹੁੰਚੀ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Add a Comment

Your email address will not be published. Required fields are marked *