FATF ਤੋਂ ਬਚਣ ਲਈ ਪਾਕਿਸਤਾਨ ਦਾ ਦਿਖਾਵਾ, ਪੰਜਾਬ ਇਲਾਕੇ ‘ਚੋਂ 13 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

ਪਾਕਿਸਤਾਨ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਪੰਜਾਬ ਸੂਬੇ ਦੇ ਵੱਖ-ਵੱਖ ਇਲਾਕਿਆਂ ਤੋਂ 13 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ‘ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਅੱਤਵਾਦੀਆਂ ‘ਚੋਂ ਜ਼ਿਆਦਾਤਰ ਭਾਰਤੀ ਉਪ-ਮਹਾਦੀਪ ‘ਚ ਅਲਕਾਇਦਾ (AQIS) ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਸਮੂਹਾਂ ਨਾਲ ਜੁੜੇ ਹੋਏ ਹਨ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੇ ਬੁਲਾਰੇ ਅਨੁਸਾਰ ਲਾਹੌਰ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਦੌਰਾਨ 5 AQIS ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਟੀਟੀਪੀ ਦੇ 5, ਲਸ਼ਕਰ-ਏ-ਝਾਂਗਵੀ (ਐੱਲਈਜੇ) ਸੰਗਠਨ ਦੇ 2 ਅਤੇ ਸ਼ੀਆ ਜਥੇਬੰਦੀ ਤਹਿਰੀਕ-ਏ-ਜਾਫ਼ਰੀਆ ਪਾਕਿਸਤਾਨ ਦੇ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ, “ਅੱਤਵਾਦ ਦੇ ਖ਼ਤਰੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸੀਟੀਡੀ ਪੰਜਾਬ ਨੇ ਸੂਬੇ ਭਰ ਵਿੱਚ 59 ਖੁਫੀਆ-ਅਧਾਰਿਤ ਆਪ੍ਰੇਸ਼ਨ (ਆਈਬੀਓ) ਕੀਤੇ ਅਤੇ 13 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ।” ਸੀਟੀਡੀ ਨੇ ਕਿਹਾ ਕਿ ਅੱਤਵਾਦੀ ਲਾਹੌਰ ਵਿੱਚ ਕੁਝ ‘ਸੰਵੇਦਨਸ਼ੀਲ ਸਥਾਨਾਂ’ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਟੀਟੀਪੀ ਵੱਲੋਂ ਨਵੰਬਰ ਵਿੱਚ ਸਰਕਾਰ ਨਾਲ ਸਮਝੌਤਾ ਤੋੜਨ ਤੋਂ ਬਾਅਦ ਸਮੂਹ ਦੇ ਹਮਲੇ ਤੇਜ਼ ਹੋ ਗਏ ਹਨ।

Add a Comment

Your email address will not be published. Required fields are marked *