ਅਡਾਨੀ ਗਰੁੱਪ ਨੇ ਹੋਰ ਸ਼ੇਅਰ ਗਿਰਵੀ ਰੱਖੇ

ਅਡਾਨੀ ਗਰੁੱਪ ਦੀ ਮੁੱਖ ਫਰਮ ਵੱਲੋਂ ਲਏ ਗਏ ਕਰਜ਼ਿਆਂ ਦੀ ਗਾਰੰਟੀ ਦੇ ਇਵਜ਼ ’ਚ ਉਸ ਦੀ ਕੰਪਨੀਆਂ ਦੇ ਹੋਰ ਸ਼ੇਅਰ ਗਿਰਵੀ ਰੱਖੇ ਗਏ ਹਨ। ਐੱਸਬੀਆਈਕੈਪ ਟਰੱਸਟੀ ਨੇ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਡਾਨੀ ਗਰੀਨ ਐਨਰਜੀ ਲਿਮਟਿਡ ਦੇ 0.99 ਫ਼ੀਸਦੀ ਸ਼ੇਅਰ ਅਡਾਨੀ ਐਂਟਰਪ੍ਰਾਇਜ਼ਿਜ਼ ਲਿਮਟਿਡ ਦੇ ਕਰਜ਼ਦਾਤਿਆਂ ਦੇ ਲਾਭ ਲਈ ਗਿਰਵੀ ਰੱਖੇ ਗਏ ਹਨ। ਅਡਾਨੀ ਟਰਾਂਸਮਿਸ਼ਨ ਲਿਮਟਿਡ ਦੇ ਵਾਧੂ 0.76 ਫ਼ੀਸਦ ਸ਼ੇਅਰ ਵੀ ਬੈਂਕਾਂ ’ਚ ਗਿਰਵੀ ਰੱਖੇ ਗਏ ਹਨ। ਭਾਰਤੀ ਸਟੇਟ ਬੈਂਕ (ਐੱਸਬੀਆਈ) ਦੀ ਇਕਾਈ ਐੱਸਬੀਆਈਕੈਪ ਨੇ ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਕਿ ਅਡਾਨੀ ਐਂਟਰਪ੍ਰਾਇਜ਼ਿਜ਼ ਨੇ ਕਿੰਨਾ ਕਰਜ਼ ਲਿਆ ਹੈ ਜਿਸ ਲਈ ਸ਼ੇਅਰ ਗਿਰਵੀ ਰੱਖੇ ਗਏ ਹਨ। ਹੁਣ ਐੱਸਬੀਆਈਕੈਪ ਕੋਲ ਅਡਾਨੀ ਗਰੀਨ ਐਨਰਜੀ ਲਿਮਟਿਡ ਦੇ ਦੋ ਫ਼ੀਸਦ ਸ਼ੇਅਰ ਗਿਰਵੀ ਹੋ ਗਏ ਹਨ। ਅਡਾਨੀ ਟਰਾਂਸਮਿਸ਼ਨ ਦੇ ਮਾਮਲੇ ’ਚ ਇਹ ਅੰਕੜਾ 1.32 ਫ਼ੀਸਦ ਹੈ। ਇਸ ਤੋਂ ਪਹਿਲਾਂ 7 ਮਾਰਚ ਨੂੰ ਅਡਾਨੀ ਗਰੁੱਪ ਨੇ ਕਿਹਾ ਸੀ ਕਿ ਉਸ ਨੇ 7,374 ਕਰੋੜ ਰੁਪਏ ਦਾ ਕਰਜ਼ਾ ਉਤਾਰ ਦਿੱਤਾ ਹੈ। ਇਸ ’ਚ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ ਵਿੱਚ ਪ੍ਰਮੋਟਰਾਂ ਦੇ 3.1 ਕਰੋੜ ਸ਼ੇਅਰ ਜਾਂ 4 ਫ਼ੀਸਦ ਹਿੱਸੇਦਾਰੀ, ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ ਵਿੱਚ 15.5 ਕਰੋੜ ਸ਼ੇਅਰ (11.8 ਫ਼ੀਸਦ ਹਿੱਸੇਦਾਰੀ), ਅਡਾਨੀ ਟਰਾਂਸਮਿਸ਼ਨ ’ਚ 3.6 ਕਰੋੜ ਸ਼ੇਅਰ (4.5 ਫ਼ੀਸਦ) ਸ਼ਾਮਲ ਹਨ। ਗਰੁੱਪ ਨੇ 7 ਮਾਰਚ ਨੂੰ ਕਿਹਾ ਸੀ ਕਿ ਗਰੁੱਪ ਦੀਆਂ ਚਾਰ ਕੰਪਨੀਆਂ ਵਿੱਚ ਪ੍ਰਮੋਟਰਾਂ ਦੇ ਸ਼ੇਅਰਾਂ ਦਾ ਕਰਜ਼ਾ ਉਤਾਰ ਦਿੱਤਾ ਹੈ। ਅਡਾਨੀ ਗਰੁੱਪ ਨੇ ਕਰਜ਼ਿਆਂ ਦੀ ਅਦਾਇਗੀ ਲਈ ਪੈਸੇ ਦੇ ਸਰੋਤ ਦਾ ਵੇਰਵਾ ਨਹੀਂ ਦਿੱਤਾ ਹੈ ਜਦਕਿ ਇਹ ਪ੍ਰਮੋਟਰਾਂ ਵੱਲੋਂ ਸੂਚੀਬੱਧ ਕੰਪਨੀਆਂ ਵਿੱਚੋਂ ਚਾਰ ਵਿੱਚ ਘੱਟ ਹਿੱਸੇਦਾਰੀ ਨੂੰ 15,446 ਕਰੋੜ ਰੁਪਏ ਵਿੱਚ ਅਮਰੀਕਾ ਆਧਾਰਿਤ ਜੀਕਿਊਜੀ ਪਾਰਟਨਰਜ਼ ਨੂੰ ਵੇਚ ਦਿੱਤਾ ਸੀ। ਬਾਨੀ ਚੇਅਰਮੈਨ ਗੌਤਮ ਅਡਾਨੀ ਅਤੇ ਉਸ ਦੇ ਭਰਾ ਰਾਜੇਸ਼ ਨੇ 2 ਮਾਰਚ ਨੂੰ ਐੱਸਬੀ ਅਡਾਨੀ ਫੈਮਿਲੀ ਟਰੱਸਟ ਤਰਫੋਂ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ (ਏਈਐਲ), ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ (ਏਪੀਐਸਈਜ਼ੈਡ), ਅਡਾਨੀ ਟ੍ਰਾਂਸਮਿਸ਼ਨ ਲਿਮਟਿਡ ਅਤੇ ਅਡਾਨੀ ਗਰੀਨ ਐਨਰਜੀ ਲਿਮਿਟੇਡ ਦੇ ਸ਼ੇਅਰਾਂ ਦੀ ਵਿਕਰੀ ਦਾ ਐਲਾਨ ਕੀਤਾ ਸੀ। ਇਸ ਵਿਕਰੀ ਨੇ ਗਰੁੱਪ ਨੂੰ ਅਮਰੀਕੀ ਸ਼ਾਰਟ ਸੈਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਵੱਲੋਂ ਸਿਰਜੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕੀਤੀ। ਰਿਪੋਰਟ ਮਗਰੋਂ ਅਡਾਨੀ ਗਰੁੱਪ ਦੀਆਂ 10 ਸੂਚੀਬੱਧ ਕੰਪਨੀਆਂ ਨੂੰ ਲਗਭਗ 135 ਅਰਬ ਡਾਲਰ ਦਾ ਨੁਕਸਾਨ ਹੋ ਗਿਆ ਸੀ। 

Add a Comment

Your email address will not be published. Required fields are marked *