ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਸਤੀਸ਼ ਕੌਸ਼ਿਕ’ ਦਾ ਦਿਹਾਂਤ, ਸਿਨੇਮਾ ਜਗਤ ਨੂੰ ਪਿਆ ਵੱਡਾ ਘਾਟਾ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਮਸ਼ਹੂਰ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੀ ਜਾਣਕਾਰੀ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਜਾਣਦਾ ਹਾਂ ਕਿ ਮੌਤ ਇਸ ਦੁਨੀਆ ਦੀ ਆਖ਼ਰੀ ਸੱਚਾਈ ਹੈ ਪਰ ਮੈਂ ਸੁਫ਼ਨੇ ‘ਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਜਿਗਰੀ ਦੋਸਤ ਸਤੀਸ਼ ਕੌਸ਼ਿਕ ਬਾਰੇ ਇਹ ਲਿਖਾਂਗਾ।

ਦੱਸ ਦੇਈਏ ਕਿ ਅਦਾਕਾਰ ਦੀ ਮੌਤ ਨਾਲ ਸਿਨੇਮਾ ਜਗਤ ਨੂੰ ਵੱਡਾ ਘਾਟਾ ਪਿਆ ਹੈ। ਅਨੁਪਮ ਖੇਰ ਨੇ ਲਿਖਿਆ ਕਿ 45 ਸਾਲਾਂ ਦੀ ਦੋਸਤੀ ‘ਤੇ ਅਜਿਹਾ ਪੂਰਨ ਵਿਰਾਮ। ਸਤੀਸ਼ ਤੇਰੇ ਬਿਨਾਂ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੇਗੀ। ਓਮ ਸ਼ਾਂਤੀ। ਜ਼ਿਕਰਯੋਗ ਹੈ ਕਿ ਅਦਾਕਾਰ ਸਤੀਸ਼ ਕੌਸ਼ਿਕ ਨੇ 67 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਿਹਾ। 

ਦੱਸਣਯੋਗ ਹੈ ਕਿ ਸਤੀਸ਼ ਕੌਸ਼ਿਕ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰ, ਕਾਮੇਡੀਅਨ, ਸਕ੍ਰਿਪਟ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਸਨ। ਉਨ੍ਹਾਂ ਦਾ ਜਨਮ 13 ਅਪ੍ਰੈਲ, 1965 ਨੂੰ ਹਰਿਆਣਾ ‘ਚ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ਵਿੱਚ ਆਪਣਾ ਬ੍ਰੇਕ ਲੈਣ ਤੋਂ ਪਹਿਲਾਂ ਥੀਏਟਰ ਵਿੱਚ ਕੰਮ ਕੀਤਾ। ਬਤੌਰ ਫਿਲਮ ਅਦਾਕਾਰ ਸਤੀਸ਼ ਕੌਸ਼ਿਕ ਨੂੰ 1987 ਦੀ ਫਿਲਮ ‘ਮਿਸਟਰ ਇੰਡੀਆ’ ਦੇ ਕੈਲੰਡਰ ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ 1997 ‘ਚ ‘ਦੀਵਾਨਾ ਮਸਤਾਨਾ’ ‘ਚ ਪੱਪੂ ਪੇਜਰ ਦੀ ਭੂਮਿਕਾ ਨਿਭਾਈ। ਸਤੀਸ਼ ਕੌਸ਼ਿਕ ਨੂੰ 1990 ਵਿੱਚ ‘ਰਾਮ ਲਖਨ ਲਈ’ ਅਤੇ 1997 ਵਿੱਚ ‘ਸਾਜਨ ਚਲੇ ਸਸੁਰਾਲ’ ਲਈ ਸਰਵੋਤਮ ਕਾਮੇਡੀਅਨ ਦਾ ਫਿਲਮਫੇਅਰ ਐਵਾਰਡ ਮਿਲਿਆ। ਉਨ੍ਹਾਂ ਦੀ ਕਾਮੇਡੀ ਨੂੰ ਗੋਵਿੰਦਾ ਨਾਲ ਕਈ ਫਿਲਮਾ ਵਿੱਚ ਬੇਹੱਦ ਪਸੰਦ ਕੀਤਾ ਗਿਆ।

Add a Comment

Your email address will not be published. Required fields are marked *