ਹੜ੍ਹਾਂ ਕਾਰਨ ਸਿੰਧ ਤੇ ਬਲੋਚਿਸਤਾਨ ਵਿੱਚ ਫਸਲਾਂ ਨੁਕਸਾਨੀਆਂ

ਕਰਾਚੀ, 27 ਅਗਸਤ

ਮੌਜੂਦਾ ਮੌਨਸੂਨ ਸੀਜ਼ਨ ਵਿੱਚ ਪਏ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਪਾਕਿਸਤਾਨ ਦੀ ਆਰਥਿਕਤਾ ਨੂੰ 4 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ। ਇਸੇ ਦੌਰਾਨ ਸਿੰਧ ਤੇ ਬਲੋਚਿਸਤਾਨ ਵਿੱਚ ਫਸਲਾਂ ਵੀ ਨੁਕਸਾਨੀਆਂ ਗਈਆਂ ਹਨ। ਪਾਕਿਸਤਾਨ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਖੇਤਰ ਸੈਕਟਰ ਦੀ 23 ਫੀਸਦ ਹਿੱਸੇਦਾਰੀ ਹੈ। ਦੇਸ਼ ਵਿੱਚ ਹੜ੍ਹਾਂ ਕਾਰਨ ਲਗਭਗ ਇਕ ਹਾਜ਼ਰ ਲੋਕਾਂ ਦੀ ਮੌਤ ਹੋਈ ਹੈ ਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ। ਜੂਨ ਮਹੀਨੇ ਤੋਂ ਸ਼ੁਰੂ ਹੋਏ ਮੌਨਸੂਨ ਸੀਜ਼ਨ ਦੌਰਾਨ ਪਾਕਿਸਾਨ ਵਿੱਚ ਕਈ ਥਾਈਂ ਭਾਰੀ ਮੀਂਹ ਪਿਆ ਤੇ ਬਚਾਅ ਕਾਰਜਾਂ ਵਿੱਚ ਜੁਟੇ ਕਰਮਚਾਰੀਆਂ ਨੇ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਸਰਕਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਐਮਰਜੈਂਸੀ ਦਾ ਐਲਾਨ ਕਰਨਾ ਪਿਆ।

‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਅਨੁਸਾਰ ਫਸਲਾਂ ਦੇ ਨੁਕਸਾਨ ਕਾਰਨ ਪਾਕਿਸਤਾਨ ਵਿੱਚ ਜ਼ਰੂਰੀ ਵਸਤਾਂ ਦੀ ਦਰਾਮਦੀ ਵਧੀ ਹੈ ਜਿਸ ਕਾਰਨ ਮਹਿੰਗਾਈ ਵੀ ਵਧੀ ਹੈ। ਸਭ ਤੋਂ ਵਧ ਨੁਕਸਾਨ ਨਰਮੇ ਦੀ ਫਸਲ ਦਾ ਹੋਇਆ ਹੈ। ਸਿੰਧ ਖੇਤਰ ਵਿੱਚ ਬੀਤੇ ਵਰ੍ਹੇ ਵੀ ਭਾਰੀ ਮੀਂਹ ਕਾਰਨ ਨਰਮੇ ਦਾ ਨੁਕਸਾਨ ਹੋਇਆ ਸੀ। ਹੁਣ ਕਪਾਹ ਦਾ ਉਤਪਾਦਨ ਘਟਣ ਕਾਰਨ ਕੱਪੜਾ ਸਨਅਤ ’ਤੇ ਮਾੜਾ ਪ੍ਰਭਾਵ ਪੈਣ ਦੇ ਆਸਾਰ ਹਨ। ਇਸੇ ਤਰ੍ਹਾਂ ਚੋਲਾਂ ਦੀ ਫਸਲ ਵੀ ਨੁਕਸਾਨੀ ਗਈ ਹੈ। ਖੇਤਾਂ ਵਿੱਚ ਭਰੇ ਬਰਸਾਤੀ ਪਾਣੀ ਨੂੰ ਸੁੱਕਣ ਲਈ ਹਾਲੇ ਦੋ ਮਹੀਨੇ ਲੱਗ ਸਕਦੇ ਹਨ ਤੇ ਜਿਸ ਕਾਰਨ ਕਣਕ ਤੇ ਖਾਧ ਤੇਲ ਬੀਜਾਂ ਦੀ ਬਿਜਾਈ ਵਿੱਚ ਦੇਰੀ ਹੋ ਸਕਦੀ ਹੈ।

ਇਸੇ ਦੌਰਾਨ ਭਾਰੀ ਮੀਂਹ ਕਾਰਨ ਪਸ਼ੂਆਂ ਦੀ ਵੀ ਵੱਡੀ ਗਿਣਤੀ ਵਿੱਚ ਮੌਤ ਹੋਈ ਹੈ। ਪੇਂਡੂ ਲੋਕ, ਜੋ ਕਿ ਮਹਿੰਗੀ ਖਾਦ ਤੇ ਡੀਜ਼ਲ ਕਾਰਨ ਖੇਤੀ ਦੀ ਥਾਂ ਪਸ਼ੂ ਪਾਲਣ ਨੂੰ ਤਰਜੀਹ ਦਿੰਦੇ ਹਨ, ਉਨ੍ਹਾਂ ਲਈ ਆਰਥਿਕ ਸੰਕਟ ਪੈਦਾ ਹੋ ਗਿਆ ਹੈ ਤੇ ਦੁੱਧ ਦੀ ਪੈਦਾਵਾਰ ਵੀ ਘੱਟ ਗਈ ਹੈ। ਪਾਕਿਸਤਾਨ ਵਿੱਚ ਟਮਾਟਰਾਂ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨੀਂ ਛੂਹ ਰਹੀਆਂ ਹਨ।

Add a Comment

Your email address will not be published. Required fields are marked *