ਪਰਲਜ਼ ਗਰੁੱਪ ਦਾ ਡਾਇਰੈਕਟਰ ਹਰਚੰਦ ਗਿੱਲ ਗ੍ਰਿਫ਼ਤਾਰ

ਸੀਬੀਆਈ ਨੇ ਪਰਲਜ਼ ਗਰੁੱਪ ਕੰਪਨੀ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਏਜੰਸੀ ਨੂੰ 60 ਹਜ਼ਾਰ ਕਰੋੜ ਰੁਪਏ ਦੇ ਚਿਟ ਫੰਡ ਘੁਟਾਲੇ ਵਿਚ ਫਿਜੀ ਤੋਂ ਮੁਲਜ਼ਮ ਦੀ ਹਵਾਲਗੀ ਮਿਲੀ ਹੈ। ਵੇਰਵਿਆਂ ਮੁਤਾਬਕ ਹਵਾਲਗੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸੀਬੀਆਈ ਦੇ ਅਧਿਕਾਰੀ ਅਪਰੇਸ਼ਨ ‘ਤ੍ਰਿਸ਼ੂਲ’ ਤਹਿਤ ਫਿਜੀ ਦੀ ਰਾਜਧਾਨੀ ਸੁਵਾ ਗਏ ਸਨ। ਭਾਰਤ ਲੈਂਡ ਹੋਣ ਤੋਂ ਬਾਅਦ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਰਚੰਦ ਗਿੱਲ ਕੇਸ ਵਿਚ ਭਗੌੜਾ ਸੀ ਤੇ ਇਕ ਵਿਸ਼ੇਸ਼ ਅਦਾਲਤ ਨੇ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਸੀਬੀਆਈ ਨੇ ਇੰਟਰਪੋਲ ਰਾਹੀਂ ਉਸ ਦੇ ਖ਼ਿਲਾਫ਼ ‘ਰੈੱਡ ਨੋਟਿਸ’ ਜਾਰੀ ਕਰਾਇਆ ਸੀ। ਏਜੰਸੀ ਨੇ ਪਰਲਜ਼ ਗਰੁੱਪ ਤੇ ਇਸ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਖ਼ਿਲਾਫ਼ ਜਾਂਚ 19 ਫਰਵਰੀ, 2014 ਨੂੰ ਸ਼ੁਰੂ ਕੀਤੀ ਸੀ। ਭੰਗੂ ਉਤੇ ਪੰਜ ਕਰੋੜ ਤੋਂ ਵੱਧ ਨਿਵੇਸ਼ਕਾਂ ਨੂੰ ਠੱਗਣ ਦਾ ਦੋਸ਼ ਲਾਇਆ ਗਿਆ ਸੀ। ਉਸ ਨੇ ਨਿਵੇਸ਼ਕਾਂ ਨੂੰ ਕਥਿਤ ਤੌਰ ’ਤੇ ਪੈਸਿਆਂ ਬਦਲੇ ਜ਼ਮੀਨ ਦੀ ਪੇਸ਼ਕਸ਼ ਕੀਤੀ ਸੀ। ਏਜੰਸੀ ਨੇ ਦੋਸ਼ ਲਾਇਆ ਸੀ ਕਿ ਉਸ ਨੇ ਪੂਰੇ ਮੁਲਕ ਵਿਚ 60 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਸੀਬੀਆਈ ਮੁਤਾਬਕ ਗਿੱਲ ਕੰਪਨੀ ਦਾ ਡਾਇਰੈਕਟਰ ਸੀ ਤੇ ਪੀਜੀਐਫ ਦਾ ਸ਼ੇਅਰਧਾਰਕ ਸੀ, ਜੋ ਕਿ ਪਰਲਜ਼ ਗਰੁੱਪ ਦੀ ਕੰਪਨੀ ਹੈ। ਏਜੰਸੀ ਮੁਤਾਬਕ ਸਾਰੀਆਂ ਬੋਰਡ ਮੀਟਿੰਗਾਂ ਵਿਚ ਗਿੱਲ ਹਾਜ਼ਰ ਹੁੰਦਾ ਸੀ ਜਿੱਥੇ ਮਹੱਤਵਪੂਰਨ ਫ਼ੈਸਲੇ ਲਏ ਜਾਂਦੇ ਸਨ। ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਗਿੱਲ ਨੇ ਕੰਪਨੀ ਦੇ ਹੋਰਾਂ ਡਾਇਰੈਕਟਰਾਂ ਨਾਲ ਮਿਲ ਕੇ ਇਕ ਸਾਂਝੀ ਨਿਵੇਸ਼ ਸਕੀਮ ਸ਼ੁਰੂ ਕੀਤੀ ਜੋ ਕਿ ਗੈਰਕਾਨੂੰਨੀ ਸੀ ਕਿਉਂਕਿ ਇਸ ਲਈ ਸਰਕਾਰ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਇਹ ਸਕੀਮਾਂ ਗੈਰਕਾਨੂੰਨੀ ਢੰਗ ਨਾਲ ਚੱਲ ਰਹੀਆਂ ਸਨ ਤੇ ਦੋਵੇ ਕੰਪਨੀਆਂ ਕਥਿਤ ਧੋਖਾਧੜੀਆਂ ਕਰ ਰਹੀਆਂ ਹਨ। ਸੀਬੀਆਈ ਨੇ ਇਸ ਮਾਮਲੇ ਵਿਚ 2014 ਵਿਚ ਦਿੱਲੀ, ਜੈਪੁਰ, ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿਚ ਛਾਪੇ ਮਾਰੇ ਸਨ ਜਿੱਥੇ ਲੋਕਾਂ ਦੇ ਪੈਸਿਆਂ ਨਾਲ ਸਬੰਧਤ ਕਾਫ਼ੀ ਰਿਕਾਰਡ ਤੇ ਹੋਰ ਜਾਣਕਾਰੀ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਜੈਪੁਰ ਆਧਾਰਿਤ ਪ੍ਰਾਈਵੇਟ ਕੰਪਨੀ ਰਾਹੀਂ ਇਕੱਠੇ ਕੀਤੇ ਗਏ ਪੈਸੇ ਆਸਟਰੇਲੀਆ ਦੀਆਂ ਕੰਪਨੀਆਂ ਵਿਚ ਨਿਵੇਸ਼ ਕੀਤੇ ਸਨ। ਨਿਵੇਸ਼ਕਾਂ ਨੂੰ ਹਾਲਾਂਕਿ ਕੰਪਨੀ ਵੱਲੋਂ ਜ਼ਮੀਨ ਅਲਾਟਮੈਂਟ ਦਾ ਕੋਈ ਪੱਤਰ ਨਹੀਂ ਮਿਲਿਆ। ਸੀਬੀਆਈ ਦੇ ਬੁਲਾਰੇ ਮੁਤਾਬਕ ਜਿਹੜੀ ਜ਼ਮੀਨ ਅਲਾਟ ਹੋਈ ਦਿਖਾਈ ਗਈ, ਉਹ ਮੌਜੂਦ ਹੀ ਨਹੀਂ ਸੀ, ਜਾਂ ਉਹ ਸਰਕਾਰੀ ਜ਼ਮੀਨ ਸੀ ਜਾਂ ਮਾਲਕ ਵੱਲੋਂ ਵੇਚੀ ਹੀ ਨਹੀਂ ਗਈ ਸੀ। ਕੰਪਨੀ ਦੇ ਲੱਖਾਂ ਦੀ ਗਿਣਤੀ ਵਿਚ ਕਮਿਸ਼ਨ ਏਜੰਟ ਵੀ ਸਨ।

Add a Comment

Your email address will not be published. Required fields are marked *