ਅੱਜ ਮੰਤਰੀ ਵਜੋਂ ਹਲਫ਼ ਲੈਣਗੇ ਸੌਰਭ ਭਾਰਦਵਾਜ ਤੇ ਆਤਿਸ਼ੀ, ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੀ ਲੈਣਗੇ ਜਗ੍ਹਾ

ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਮੰਤਰੀ ਵੋਂ ਹਲਫ਼ ਦੁਆਉਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮੰਤਰੀ ਸਤੇਂਦਰ ਜੈਨ ਦੇ ਅਸਤੀਫ਼ੇ ਤੋਂ ਬਾਅਦ ਮੰਤਰੀਮੰਡਲ ਵਿਚੋਂ ਦੋ ਥਾਵਾਂ ਖ਼ਾਲੀ ਹੋ ਗਈਆਂ ਸਨ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਿਸੋਦੀਆ ਤੇ ਜੈਨ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ ਤੇ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿਚ ਭਾਰਦਵਾਜ ਤੇ ਆਤਿਸ਼ੀ ਨੂੰ ਮੰਤਰੀ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ ਦੀ ਸਿਫ਼ਾਰਿਸ਼ ਤੋਂ ਬਾਅਦ ਸਕਸੈਨਾ ਨੇ ਕੈਬਨਿਟ ਵਿਚ ਮੰਤਰੀਆਂ ਦੇ ਰੂਪ ਵਿਚ ਨਿਯੁਕਤੀ ਲਈ ਰਾਸ਼ਟਰਪਤੀ ਮੁਰਮੂ ਨੂੰ ਆਤਿਸ਼ੀ ਤੇ ਭਾਰਦਵਾਜ ਦੇ ਨਾਵਾਂ ਦੀ ਸਿਫ਼ਾਰਿਸ਼ ਕੀਤੀ ਸੀ। 

ਸੂਤਰਾਂ ਨੇ ਦੱਸਿਆ ਕਿ 9 ਮਾਰਚ ਨੂੰ ਹਲਫ਼ ਲੈਣ ਤੋਂ ਬਾਅਦ ਆਤਿਸ਼ੀ ਤੇ ਭਾਰਦਵਾਜ 17 ਮਾਰਚ ਤੋਂ ਸ਼ੁਰੂ ਹੋ ਰਹੇ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਬਤੌਰ ਮੰਤਰੀ ਸ਼ਾਮਲ ਹੋਣਗੇ। ਇਕ ਅਧਿਕਾਰਤ ਸੂਚਨਾ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਕੌਮੀ ਰਾਜਧਾਨੀ ਖੇਤਰ ਦਿੱਲੀ ਦੇ ਮੁੱਖ ਮੰਤਰੀ ਦੀ ਸਲਾਹ ‘ਤੇ ਦਿੱਲੀ ਦੇ ਮੰਤਰੀ ਮਨੀਸ਼ ਸਿਸੋਦੀਆ ਦਾ ਅਸਤੀਫ਼ਾ ਤਤਕਾਲ ਪ੍ਰਭਾਅ ਨਾਲ ਮਨਜ਼ੂਰ ਕਰ ਲਿਆ ਹੈ। ਜੈਨ ਬਾਰੇ ਵੀ ਅਜਿਹੀ ਹੀ ਸੂਚਨਾ ਜਾਰੀ ਕੀਤੀ ਗਈ ਹੈ। 

Add a Comment

Your email address will not be published. Required fields are marked *