ਤੋਸ਼ਾਖਾਨਾ ਮਾਮਲਾ : ਇਕ ਵਾਰ ਫਿਰ ਅਦਾਲਤ ’ਚ ਪੇਸ਼ ਨਹੀਂ ਹੋਏ ਇਮਰਾਨ ਖਾਨ

ਇਸਲਾਮਾਬਾਦ –ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਸ਼ਾਖਾਨਾ ਮਾਮਲੇ ਵਿਚ ਮੰਗਲਵਾਰ ਨੂੰ ਚੌਥੀ ਵਾਰ ਇਸਲਾਮਾਬਾਦ ਦੀ ਇਕ ਅਦਾਲਤ ਵਿਚ ਪੇਸ਼ ਨਹੀਂ ਹੋਏ। ਅਦਾਲਤ ਨੇ ਉਨ੍ਹਾਂ ਖਿਲਾਫ ਜਾਰੀ ਗ੍ਰਿਫ਼ਤਾਰੀ ਵਾਰੰਟ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਦੇ ਵਕੀਲ ਸ਼ੇਰ ਅਫ਼ਜਾਲ ਮਾਰਵਾਤ ਅਦਾਲਤ ਵਿਚ ਪੇਸ਼ ਹੋਏ ਅਤੇ ਕਿਹਾ ਕਿ 70 ਸਾਲਾ ਖਾਨ ਵਜ਼ੀਰਾਬਾਦ ਹਮਲੇ ਤੋਂ ਬਾਅਦ ਢਿੱਲੇ ਹਨ ਅਤੇ ਆਉਣ ਵਿਚ ਅਸਮਰੱਥ ਹਨ।

ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਇਸਲਾਮਾਬਾਦ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ’ਚ ਪੇਸ਼ ਨਹੀਂ ਹੋਣ ਦੇ ਮਾਮਲੇ ’ਚ ਇਮਰਾਨ ਖਾਨ ਖਿਲਾਫ਼ ਜਾਰੀ ਗ੍ਰਿਫ਼ਤਾਰੀ ਵਾਰੰਟ ਨੂੰ ਇਸਲਾਮਾਬਾਦ ਹਾਈਕੋਰਟ ’ਚ ਸੋਮਵਾਰ ਨੂੰ ਚੁਣੌਤੀ ਦਿੱਤੀ ਹੈ। ਮਾਰਵਾਤ ਨੇ ਅਦਾਲਤ ਤੋਂ ਮਾਮਲੇ ’ਚ ਸੁਣਵਾਈ ਲਈ ਅਗਲੇ ਹਫ਼ਤੇ ਕੋਈ ਤਰੀਕ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਖਾਨ ਇਕ-ਦੋ ਦਿਨ ਵਿਚ ‘ਪਾਵਰ ਆਫ ਅਟਾਰਨੀ’ ਦੇਣਗੇ।

ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਲਈ ਅਗਲੇ ਹਫ਼ਤੇ ਜ਼ਿਲ੍ਹਾ ਅਦਾਲਤ ’ਚ ਪੇਸ਼ ਹੋਣਾ ਸੌਖਾ ਹੋਵੇਗਾ। ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਵਕੀਲ ਨੇ ਅਪੀਲ ਕੀਤੀ ਕਿ ਸੁਣਵਾਈ 9 ਮਾਰਚ ਤੱਕ ਮੁਅੱਤਲ ਕੀਤੀ ਜਾਵੇ, ਜਿਸ ਦਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਮੋਹਸਿਨ ਸ਼ਾਹਨਵਾਜ਼ ਰਾਂਝਾ ਨੇ ਸਮਰਥਨ ਕੀਤਾ ਅਤੇ ਕਿਹਾ ਕਿ ਖਾਨ ਨੂੰ ਉਸ ਤਾਰੀਖ਼ ਨੂੰ ਇਸਲਾਮਾਬਾਦ ਹਾਈਕੋਰਟ ’ਚ ਪੇਸ਼ ਹੋਣਾ ਹੋਵੇਗਾ।

ਉਦੋਂ ਜੱਜ ਜ਼ਫ਼ਰ ਇਕਬਾਲ ਨੇ ਟਿੱਪਣੀ ਕੀਤੀ ਕਿ ਦੂਸਰੇ ਸ਼ਬਦਾਂ ’ਚ ਕਹੀਏ ਤਾਂ ਇਮਰਾਨ ਖਾਨ 9 ਮਾਰਚ ਨੂੰ ਵੀ ਸੈਸ਼ਨ ਅਦਾਲਤ ’ਚ ਪੇਸ਼ ਨਹੀਂ ਹੋਣਗੇ। ਅਦਾਲਤ ਨੇ ਕਿਹਾ ਕਿ ਮਾਮਲਾ ਕਾਨੂੰਨ ਮੁਤਾਬਕ ਚੱਲੇਗਾ।

Add a Comment

Your email address will not be published. Required fields are marked *