ਰੈਸਟੋਰੈਂਟ ’ਚ ਖਾਣਾ ਖਾਣ ਗਏ ਨੌਜਵਾਨਾਂ ‘ਤੇ ਫਾਇਰਿੰਗ, ਨਾਬਾਲਗ ਦੇ ਸਿਰ ’ਚ ਲੱਗੀ ਗੋਲ਼ੀ

ਲੁਧਿਆਣਾ: ਰੈਸਟੋਰੈਂਟ ’ਚ ਖਾਣਾ ਖਾਣ ਦੇ ਬਹਾਨੇ ਦੋਸਤ ਨੌਜਵਾਨ ਨੂੰ ਘਰੋਂ ਲੈ ਗਏ ਤੇ ਰਸਤੇ ’ਚ ਕੁਝ ਨੌਜਵਾਨਾਂ ਨੇ ਗੋਲ਼ੀ ਚਲਾ ਦਿੱਤੀ, ਜੋ ਕਿ ਨੌਜਵਾਨ ਦੇ ਸਿਰ ’ਤੇ ਲੱਗ ਗਈ। ਉਸ ਨੂੰ ਗੰਭੀਰ ਹਾਲਤ ’ਚ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਨਿਖਿਲ ਵਾਸੀ ਸ਼ੇਰਪੁਰ ਵਜੋਂ ਹੋਈ ਹੈ। ਸੂਚਨਾ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਸਮੇਤ ਥਾਣਾ ਫੋਕਲ ਪੁਆਇੰਟ ਦੀ ਪੁਲਸ ਪੁੱਜ ਗਈ। ਪੁਲਸ ਨੌਜਵਾਨ ਨੂੰ ਨਾਲ ਲਿਜਾਣ ਵਾਲੇ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ ਘਟਨਾ ਕਿਵੇਂ ਹੋਈ? ਗੋਲ਼ੀ ਚਲਾਉਣ ਵਾਲੇ ਸਖਸ਼ ਕੌਣ ਸਨ?

ਨਿਖਿਲ ਦੇ ਪਿਤਾ ਨਰੇਸ਼ ਕੁਮਾਰ ਅਤੇ ਚਾਚਾ ਰਾਜੂ ਸ਼ੇਰਪੁਰੀਆ ਨੇ ਦੱਸਿਆ ਕਿ ਉਹ ਇਕ ਫੈਕਟਰੀ ’ਚ ਡਰਾਈਵਰੀ ਕਰਦੇ ਹਨ, ਜਦਕਿ ਨਿਖਿਲ 12ਵੀਂ ਕਲਾਸ ਦੇ ਪੇਪਰ ਦੇ ਰਿਹਾ ਹੈ। ਐਤਵਾਰ ਨੂੰ ਕੁਝ ਦੋਸਤ ਘਰ ਆਏ ਸਨ, ਜੋ ਕਿ ਬਾਹਰ ਖਾਣਾ ਖਾਣ ਦਾ ਬਹਾਨਾ ਬਣਾ ਕੇ ਨਿਖਿਲ ਨੂੰ ਆਪਣੇ ਨਾਲ ਲੈ ਗਏ ਸੀ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਨਿਖਿਲ ਦੇ ਗੋਲ਼ੀ ਲੱਗ ਗਈ ਅਤੇ ਉਹ ਹਸਪਤਾਲ ’ਚ ਦਾਖ਼ਲ ਹੈ।

ਰਾਜੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਅਦ ’ਚ ਪਤਾ ਲੱਗਾ ਕਿ ਨਿਖਿਲ ਦੇ ਦੋਸਤਾਂ ਦਾ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਕੋਹਾੜਾ ਚੌਕ ਨੇੜੇ ਸਥਿਤ ਇਕ ਢਾਬੇ ’ਚ ਸਮਝੌਤਾ ਰੱਖਿਆ ਸੀ। ਉਹ ਨਿਖਿਲ ਨੂੰ ਆਪਣੇ ਨਾਲ ਝੂਠ ਕਹਿ ਕੇ ਲੈ ਗਏ ਸੀ, ਜਦ ਨਿਖਿਲ ਨੂੰ ਪਤਾ ਲੱਗਾ ਤਾਂ ਉਸ ਨੇ ਉੱਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਘਰ ਜਾਣ ਦੀ ਜ਼ਿੱਦ ਕਰਨ ਲੱਗਾ। ਉਸ ਨੇ ਕਿਹਾ ਕਿ ਉਸ ਨੂੰ ਰਸਤੇ ’ਚ ਉਤਾਰ ਦਿੱਤਾ ਜਾਵੇ ਜਾਂ ਫਿਰ ਗੱਡੀ ਵਾਪਸ ਘੁੰਮਾ ਦੇਣ। ਨਿਖਿਲ ਦੇ ਜ਼ਿਆਦਾ ਕਹਿਣ ’ਤੇ ਉਸ ਦੇ ਦੋਸਤਾਂ ਨੇ ਗੱਡੀ ਵਾਪਸ ਘੁੰਮਾ ਲਈ ਸੀ, ਜਦ ਉਹ ਗੱਡੀ ਯੂ-ਟਰਨ ਲੈ ਰਹੇ ਸੀ ਤਾਂ ਦੂਜੇ ਪਾਸੇ ਤੇਜ਼ ਰਫ਼ਤਾਰ ਕਾਰ ਆਈ ਅਤੇ ਉਸ ’ਚ ਸਵਾਰ ਨੌਜਵਾਨਾਂ ਨੇ ਗੋਲ਼ੀ ਚਲਾ ਦਿੱਤੀ। ਗੋਲੀ ਸਿੱਧੀ ਨਿਖਿਲ ਦੇ ਸਿਰ ’ਚ ਜਾ ਲੱਗੀ, ਜਿਸ ਨਾਲ ਉਹ ਉਥੇ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਗਿਆ। ਘਬਰਾਏ ਉਸ ਦੇ ਦੋਸਤ ਤੁਰੰਤ ਇਲਾਜ ਲਈ ਹਸਪਤਾਲ ਲੈ ਗਏ ਅਤੇ ਉਸ ਨੂੰ ਦਾਖ਼ਲ ਕਰਵਾਇਆ।

ਰਾਜੂ ਦੇ ਚਾਚੇ ਨੇ ਦੱਸਿਆ ਕਿ ਨਿਖਿਲ ਦੀ ਹਾਲਤ ਹਾਲੇ ਨਾਜ਼ੁਕ ਬਣੀ ਹੋਈ ਹੈ। ਉਧਰ ਥਾਣਾ ਫੋਕਲ ਪੁਆਇੰਟ ਦੇ ਐੱਸ. ਐੱਚ. ਓ. ਇੰਸ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਕੌਣ ਹੈ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਨਿਖਿਲ ਦੇ ਦੋਸਤਾਂ ਤੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਝਗੜਾ ਕਿਹੜੇ ਲੋਕਾਂ ਨਾਲ ਹੋਇਆ ਸੀ ਅਤੇ ਕਿਸ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਲਿਆ ਜਾਵੇਗਾ।

Add a Comment

Your email address will not be published. Required fields are marked *