ਦਿੱਲੀ ਕੈਪੀਟਲਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 60 ਦੌੜਾਂ ਨਾਲ ਹਰਾਇਆ

ਕਪਤਾਨ ਮੈਗ ਲੈਨਿੰਗ (72) ਤੇ ਸ਼ੈਫਾਲੀ ਵਰਮਾ (84) ਦੇ ਧਮਾਕੇਦਾਰ ਅਰਧ ਸੈਂਕੜਿਆਂ ਤੋਂ ਬਾਅਦ ਤਾਰਾ ਨੌਰਿਸ (29 ਦੌੜਾਂ ’ਤੇ 5 ਵਿਕਟਾਂ) ਦੇ ਪੰਜੇ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ’ਚ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 60 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ’ਚ ਧਮਾਕੇਦਾਰ ਸ਼ੁਰੂਆਤ ਕੀਤੀ। ਲੈਨਿੰਗ-ਸ਼ੈਫਾਲੀ ਦੀ ਸਲਾਮ ਜੋੜੀ ਨੇ ਪਹਿਲੀ ਵਿਕਟ ਲਈ ਤਾਬੜਤੋੜ 162 ਦੌੜਾਂ ਦੀ ਸਾਂਝੇਦਾਰੀ ਕਰਕੇ ਇਸ ਜਿੱਤ ਦੀ ਨੀਂਹ ਰੱਖੀ। ਸ਼ੈਫਾਲੀ ਨੇ 45 ਗੇਂਦਾਂ ’ਤੇ 10 ਚੌਕਿਆ ਤੇ 4 ਛੱਕਿਆਂ ਦੇ ਨਾਲ 84 ਦੌੜਾਂ ਬਣਾਈਆਂ, ਜਦਕਿ ਲੈਨਿੰਗ ਨੇ 43 ਗੇਂਦਾਂ ’ਤੇ 14 ਚੌਕਿਆਂ ਨਾਲ 72 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਮਾਰਿਜਾਨੇ ਕਾਪ (ਅਜੇਤੂ 39) ਤੇ ਜੇਮਿਮਾ ਰੋਡ੍ਰਿਗੇਜ਼ (ਅਜੇਤੂ 22) ਨੇ ਦਿੱਲੀ ਨੂੰ ਵੱਡੇ ਸਕੋਰ ਤਕ ਪਹੁੰਚਾਇਆ। 

ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਸਮ੍ਰਿਤੀ ਮੰਧਾਨਾ ਨੇ ਬੈਂਗਲੁਰੂ ਨੂੰ ਤੇਜ਼ ਸ਼ੁਰੂਆਤ ਦਿਵਾਈ ਹਾਲਾਂਕਿ ਉਸਦੀ ਵਿਕਟ ਡਿੱਗਣ ਤੋਂ ਬਾਅਦ ਟੀਮ ਮੈਚ ਵਿਚੋਂ ਬਾਹਰ ਹੁੰਦੀ ਚਲੀ ਗਈ। ਸਮ੍ਰਿਤੀ ਨੇ 23 ਗੇਂਦਾਂ ’ਚ 5 ਚੌਕਿਆਂ ਤੇ ਇਕ ਛੱਕੇ ਦੇ ਨਾਲ 35 ਦੌੜਾਂ ਬਣਾਈਆਂ ਜਦਕਿ ਐਲਿਸ ਪੈਰੀ ਨੇ ਵਿਚਾਲੇ ਦੇ ਓਵਰਾਂ ’ਚ ਸੰਘਰਸ਼ ਕਰਦੇ ਹੋਏ 19 ਗੇਂਦਾਂ ’ਤੇ 5 ਚੌਕਿਆਂ ਦੇ ਨਾਲ 31 ਦੌੜਾਂ ਦੀ ਪਾਰੀ ਖੇਡੀ। ਅਮਰੀਕਾ ਦੀ ਤਾਰਾ ਨੌਰਿਸ ਨੇ ਬੈਂਗਲੁਰੂ ਦੀ ਬੱਲੇਬਾਜ਼ੀ ਦੀ ਕਮਰ ਤੋੜਦੇ ਹੋਏ 4 ਓਵਰਾਂ ’ਚ 29 ਦੌੜਾਂ ਕੇ 5 ਵਿਕਟਾਂ ਲਈਆਂ। ਐਲਿਸੇ ਕੈਪਸੀ ਨੇ 2, ਜਦਕਿ ਸ਼ਿਖਾ ਪਾਂਡੇ ਨੇ 1 ਵਿਕਟ ਲਈ। ਇਸ ਤੋਂ ਇਲਾਵਾ ਹੀਥਰ ਨਾਈਟ ਨੇ 34 ਤੇ ਮੇਗਨ ਸ਼ੱਟ ਨੇ ਅਜੇਤੂ 30 ਦੌੜਾਂ ਦਾ ਯੋਗਦਾਨ ਦਿੱਤਾ। ਹਾਲਾਂਕਿ ਇਸ ਸਮੇਂ ਤਕ ਬੈਂਗਲੁਰੂ ਮੈਚ ਵਿਚੋਂ ਬਾਹਰ ਹੋ ਚੁੱਕੀ ਸੀ।

ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਪਰ ਲੈਨਿੰਗ ਤੇ ਸ਼ੈਫਾਲੀ ਦੀ ਜੋੜੀ ਨੇ ਜਲਦ ਹੀ ਉਸ ਦੇ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ। ਦੋਵਾਂ ਨੇ ਪਾਵਰਪਲੇਅ ਦਾ ਲਾਭ ਚੁੱਕਦੇ ਹੋਏ ਪਹਿਲੇ 6 ਓਵਰਾਂ ’ਚ ਤਾਬੜਤੋੜ ਬੱਲੇਬਾਜ਼ੀ ਦੀ ਬਦੌਲਤ 57 ਦੌੜਾਂ ਜੋੜ ਲਈਆਂ। ਪਾਵਰਪਲੇਅ ਦੇ ਦੋ ਓਵਰਾਂ ਤਕ ਬੈਂਗਲੁਰੂ ਨੇ ਦਿੱਲੀ ਦੀਆਂ ਸਲਾਮੀ ਬੱਲੇਬਾਜ਼ਾਂ ਨੂੰ ਸ਼ਾਂਤ ਰੱਖਿਆ ਪਰ ਸ਼ੈਫਾਲੀ ਨੇ 9ਵੇਂ ਓਵਰ ’ਚ ਆਪਣੇ ਹੱਥ ਖੋਲ੍ਹੇ ਕੇ 22 ਦੌੜਾਂ ਬਣਾਈਆਂ। ਉਸ ਨੇ ਅਗਲੇ ਓਵਰ ’ਚ ਮੇਗਨ ਸ਼ੱਟ ਦੀ ਗੇਂਦ ’ਤੇ ਇਕ ਦੌੜ ਲੈ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਟੀਮ ਨੂੰ 100 ਦੌੜਾਂ ਤਕ ਵੀ ਪਹੁੰਚਾਇਆ। ਲੈਨਿੰਗ ਨੇ ਵੀ ਅਗਲੇ ਓਵਰ ’ਚ ਚੌਕਾ ਲਾ ਕੇ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ। ਲੈਨਿੰਗ ਤੇ ਸ਼ੈਫਾਲੀ ਨੇ 14 ਓਵਰਾਂ ’ਚ ਹੀ ਦਿੱਲੀ ਨੂੰ 150 ਦੌੜਾਂ ਦੇ ਪਾਰ ਪਹੁੰਚਾ ਦਿੱਤਾ। ਬੈਂਗਲੁਰੂ ਨੂੰ ਦਿੱਲੀ ਦੀ ਰਫਤਾਰ ਘੱਟ ਕਰਨ ਲਈ ਵਿਕਟ ਦੀ ਸਖਤ ਲੋੜ ਸੀ, ਜਿਹੜੀ ਉਸ ਸਮੇਂ ਹੀਥਰ ਨਾਈਟ ਨੇ ਦਿਵਾਈ। ਨਾਈਟ ਨੇ 15ਵੇਂ ਓਵਰ ’ਚ ਲੈਨਿੰਗ ਤੇ ਸ਼ੈਫਾਲੀ ਦੋਵਾਂ ਨੂੰ ਪੈਵੇਲੀਅਨ ਭੇਜ ਦਿੱਤਾ ਪਰ ਇਸ ਤੋਂ ਬਾਅਦ ਵੀ ਦਿੱਲੀ ਦੀ ਰਨ ਰੇਟ ਨਹੀਂ ਰੁਕੀ। 
ਕਾਪ ਤੇ ਰੋਡ੍ਰਿਗੇਜ਼ ਨੇ ਤੀਜੀ ਵਿਕਟ ਲਈ 31 ਗੇਦਾਂ ’ਤੇ 60 ਦੌੜਾਂ ਜੋੜਦੇ ਹੋਏ ਟੀਮ ਨੂੰ 223/2 ਦੇ ਸਕੋਰ ਤਕ ਪਹੁੰਚਾਇਆ। ਕਾਪ ਨੇ 17 ਗੇਂਦਾਂ ’ਚ 3 ਚੌਕਿਆਂ ਤੇ 3 ਛੱਕਿਆਂ ਦੇ ਨਾਲ 22 ਦੌੜਾਂ ਦੀ ਅਜੇਤੂ ਪਾਰੀ ਖੇਡੀ। 

ਬੈਂਗਲੁਰੂ ਲਈ ਦੋਵੇਂ ਵਿਕਟਾਂ ਨਾਈਟ ਨੇ ਲਈਆ, ਹਾਲਾਂਕਿ ਉਸ ਨੇ ਆਪਣੇ 3 ਓਵਰਾਂ ’ਚ 40 ਦੌੜਾਂ ਵੀ ਦਿੱਤੀਆਂ। ਇਸ ਤੋਂ ਇਲਾਵਾ ਮੇਗਨ ਸ਼ੱਟ ਨੇ ਆਪਣੇ 4 ਓਵਰਾਂ ਵਿਚ 45 ਦੌੜਾਂ ਦਿੱਤੀਆਂ, ਜਦਕਿ ਪ੍ਰੀਤੀ ਬੋਸ ਦੇ 4 ਓਵਰਾਂ ’ਚ 35 ਦੌੜਾਂ ਬਣੀਆਂ।ਬੈਂਗਲੁਰੂ ਨੂੰ ਇਸ ਵੱਡੇ ਟੀਚੇ ਦਾ ਪਿੱਛਾ ਕਰਨ ਲਈ ਤੇਜ਼ ਸ਼ੁਰੂਆਤ ਦੀ ਲੋੜ ਸੀ। ਕਪਤਾਨ ਸਮ੍ਰਿਤੀ ਮੰਧਾਨਾ ਨੇ ਉਸ ਨੂੰ ਇਹ ਸ਼ੁਰੂਆਤ ਦਿਵਾਈ। ਉਸ ਨੇ ਸੋਫੀ ਡਿਵਾਈਨ ਦੇ ਨਾਲ ਮਿਲ ਕੇ 4 ਓਵਰਾਂ ’ਚ 41 ਦੌੜਾਂ ਜੋੜ ਲਈਆਂ। ਡਿਵਾਈਨ (11 ਗੇਂਦਾਂ, 3 ਚੌਕੇ, 14 ਦੌੜਾਂ) ਨੇ 5ਵੇਂ ਓਵਰ ’ਚ ਹੱਥ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਐਲਿਸ ਕੈਪਸੀ ਦੀ ਗੇਂਦ ’ਤੇ ਸ਼ੈਫਾਲੀ ਨੂੰ ਕੈਚ ਦੇ ਬੈਠੀ। ਕੈਪਸੀ ਦੀ ਫਿਰਕੀ ਨੇ ਦਿੱਲੀ ਲਈ ਕਮਾਲ ਕੀਤਾ ਤੇ ਮੰਧਾਨਾ ਵੀ ਦੋ ਓਵਰਾਂ ਤੋਂ ਬਾਅਦ ਉਸਦਾ ਸ਼ਿਕਾਰ ਹੋ ਗਈ। ਸਮ੍ਰਿਤੀ ਦੀ ਵਿਕਟ ਡਿੱਗਣ ਕਾਰਨ ਬੈਂਗਲੁਰੂ ਦੀ ਪਾਰੀ ਹੌਲੀ ਪੈ ਗਈ। 10ਵੇਂ ਓਵਰ ਵਿਚ ਐਲਿਸ ਪੈਰੀ ਦੇ ਹਮਲੇ ਦੇ ਬਾਵਜੂਦ ਟੀਮ ਅੱਧੀ ਪਾਰੀ ਦੀ ਸਮਾਪਤੀ ਤਕ 88 ਦੌੜਾਂ ਹੀ ਬਣਾ ਸਕੀ। ਪੈਰੀ ਆਪਣੀ 18 ਗੇਂਦਾਂ ਦੀ ਪਾਰੀ ’ਚ 5 ਚੌਕੇ ਲਾ ਕੇ ਬੈਂਗਲੁਰੂ ਲਈ ਸੰਘਰਸ਼ ਕਰ ਰਹੀ ਸੀ। ਇਸ ਸਮੇਂ ਲੈਨਿੰਗ ਨੇ ਤਾਰਾ ਨੂੰ ਗੇਂਦ ਸੌਂਪੀ। ਤਾਰਾ ਨੇ 11ਵੇਂ ਓਵਰ ’ਚ ਪੈਰੀ ਦੇ ਨਾਲ ਦਿਸ਼ਾ ਕਸਾਟ ਦੀ ਵੀ ਵਿਕਟ ਕੱਢੀ। ਉਸ ਨੇ ਆਪਣੇ ਚਾਰ ਓਵਰ ਪੂਰੇ ਹੋਣ ਤੋਂ ਪਹਿਲਾਂ ਰਿਚਾ ਘੋਸ਼, ਹੀਥਰ ਨਾਈਟ ਤੇ ਕਨਿਕਾ ਆਹੂਜਾ ਨੂੰ ਵੀ ਆਊਟ ਕੀਤਾ। ਬੈਂਗਲੁਰੂ 13 ਓਵਰਾਂ ’ਚ 90 ਦੌੜਾਂ ’ਤੇ 6 ਵਿਕਟਾਂ ਡਿੱਗਣ ਕਾਰਨ ਮੈਚ ਵਿਚੋਂ ਬਾਹਰ ਹੋ ਚੁੱਕੀ ਸੀ। ਹਾਲਾਂਕਿ ਨਾਈਟ ਤੇ ਸ਼ੱਟ ਨੇ ਮੈਚ ਖਤਮ ਹੋਣ ਤੋਂ ਪਹਿਲਾਂ ਕੁਝ ਚੰਗੀਆਂ ਸ਼ਾਟਾਂ ਖੇਡੀਆਂ। ਨਾਈਟ ਨੇ 34 ਦੌੜਾਂ ਦੀ ਆਪਣੀ ਪਾਰੀ ’ਚ 21 ਗੇਂਦਾਂ ’ਤੇ 2 ਚੌਕੇ ਤੇ 2 ਛੱਕੇ ਲਗਾਏ। ਸ਼ੱਟ 19 ਗੇਂਦਾਂ ’ਤੇ 5 ਚੌਕਿਆਂ ਦੇ ਨਾਲ 30 ਦੌੜਾਂ ਬਣਾ ਕੇ ਅਜੇਤੂ ਰਹੀ।

Add a Comment

Your email address will not be published. Required fields are marked *