ਗਰੀਬਾਂ ’ਚ ਵੰਡੇ ਜਾਣ ਵਾਲੇ ਰਾਸ਼ਨ ‘ਚ ਵੱਡੀ ਧਾਂਦਲੀ; ਜ਼ਬਤ ਹੋਈ ਬੋਰੀਆਂ

ਜਲੰਧਰ – ਗਰੀਬਾਂ ਵਿਚ ਵੰਡੇ ਜਾਣ ਵਾਲੇ ਰਾਸ਼ਨ ‘ਚ ਗੜਬੜੀ ਕੀਤੇ ਜਾਣ ਸਬੰਧੀ ਸ਼ਿਕਾਇਤ ਮਿਲਣ ’ਤੇ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਗਈ ਤਾਂ 500 ਕਿਲੋ ਕਣਕ ਘੱਟ ਪਾਈ ਗਈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਫੂਡ ਸਪਲਾਈ ਵਿਭਾਗ ਨੇ ਕਣਕ ਦੀਆਂ ਬੋਰੀਆਂ ਜ਼ਬਤ ਕਰ ਲਈਆਂ। ਜ਼ਬਤ ਕਣਕ ਡਿਪੂ ਹੋਲਡਰ ਰਜਿੰਦਰ ਕੁਮਾਰ ਦੇ ਇਲਾਕੇ ਨਾਲ ਸਬੰਧਤ ਦੱਸੀ ਗਈ ਹੈ।

ਬਸਤੀ ਦਾਨਿਸ਼ਮੰਦਾਂ ਵਿਚ ਲੋਕਾਂ ਨੂੰ ਵੰਡਣ ਲਈ 350 ਕੁਇੰਟਲ ਕਣਕ 2 ਵਾਹਨਾਂ ਰਾਹੀਂ ਭੇਜੀ ਗਈ ਸੀ। ਗਰੀਬ ਲੋਕਾਂ ਵਿਚ ਮੁਫਤ ਵੰਡੀ ਜਾਣ ਵਾਲੀ 1150 ਬੋਰੀਆਂ ਵਿਚ ਭੇਜੀ ਇਸ ਕਣਕ ਸਬੰਧੀ ਵਿਧਾਇਕ ਸ਼ੀਤਲ ਅੰਗੁਰਾਲ ਕੋਲ ਸ਼ਿਕਾਇਤ ਪਹੁੰਚੀ। ਰਾਸ਼ਨ ਵੰਡਣ ਵਿਚ ਧਾਂਦਲੀ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਵਿਧਾਇਕ ਵੱਲੋਂ ਉਕਤ ਕਣਕ ਦੇ ਵਜ਼ਨ ਦੀ ਜਾਂਚ ਕਰਵਾਈ ਗਈ ਤਾਂ ਕਰੀਬ 500 ਕਿਲੋ ਕਣਕ ਘੱਟ ਪਾਈ ਗਈ। 

ਇਸ ਬਾਰੇ ਥਾਣਾ ਨੰ. 5 ਦੀ ਪੁਲਸ ਅਤੇ ਫੂਡ ਸਪਲਾਈ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ। ਡਿਪੂ ਹੋਲਡਰ ਰਜਿੰਦਰ ਕੁਮਾਰ ਦੇ ਇਲਾਕੇ ਬਸਤੀ ਦਾਨਿਸ਼ਮੰਦਾਂ ਵਿਚ ਉਕਤ ਕਣਕ ਦੀ ਵੰਡ ਕੀਤੀ ਜਾਣੀ ਸੀ ਪਰ ਵਿਭਾਗ ਦੀ ਟੀਮ ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਡੀ. ਐੱਫ. ਐੱਸ. ਓ. ਮਨੀਸ਼ ਕੁਮਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਣਕ ਦੀਆਂ ਬੋਰੀਆਂ ਨੂੰ ਜ਼ਬਤ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਕਣਕ ਜਨਤਾ ਵਿਚ ਵੰਡਣ ਦੀ ਸ਼ੁਰੂਆਤ ਹੋ ਚੁੱਕੀ ਸੀ। ਵਿਭਾਗੀ ਟੀਮ ਲੇਟ ਪਹੁੰਚਦੀ ਤਾਂ ਜਾਂਚ ਸੰਭਵ ਨਹੀਂ ਸੀ ਹੋ ਸਕਦੀ। ਵਿਭਾਗ ਵੱਲੋਂ ਸੋਮਵਾਰ ਨੂੰ ਇਲਾਕੇ ‘ਚ ਕਣਕ ਵੰਡਣ ਦਾ ਕੰਮ ਕਰਵਾਇਆ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਸਮਾਂ ਕੱਢ ਕੇ ਰਾਸ਼ਨ ਲੈਣ ਲਈ ਆਏ ਸਨ ਤੇ ਹੁਣ ਉਨ੍ਹਾਂ ਨੂੰ ਮੁੜ ਸਮਾਂ ਕੱਢਣਾ ਪਵੇਗਾ।

Add a Comment

Your email address will not be published. Required fields are marked *