ਹਰ ਸਾਲ ਇਟਲੀ ’ਚ ਹੁੰਦੇ ਧਾਰਮਿਕ ਸਮਾਗਮਾਂ ਦੇ ਬਾਵਜੂਦ ਲੋਕਾਂ ਨੂੰ ਨਹੀਂ ਸਮਝਾ ਸਕੇ ਦਸਤਾਰ ਦੀ ਅਹਿਮੀਅਤ

ਰੋਮ : ਇਟਲੀ ’ਚ ਜਦੋਂ ਦੇ ਭਾਰਤੀ ਭਾਈਚਾਰੇ ਦੇ ਲੋਕ ਆਏ, ਉਂਦੋਂ ਤੋਂ ਹੀ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਵੀ ਹੋ ਗਈ। ਸਿੱਖ ਧਰਮ ਕੀ ਹੈ ਇਸ ਦੀ ਮਹਾਨਤਾ, ਅਹਿਮੀਅਤ ਤੇ ਇਤਿਹਾਸ ਕੀ ਹੈ, ਇਸ ਦੇ ਪੰਜ ਕੱਕਾਰ ਕੀ ਹਨ, ਇਨ੍ਹਾਂ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਸਮਝਾਉਣ ਲਈ ਹਰ ਸਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਨਗਰ ਕੀਰਤਨ ਤੇ ਧਾਰਮਿਕ ਸਮਾਗਮਾਂ ’ਤੇ ਲੱਖਾਂ ਯੂਰੋ ਖਰਚ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਟਾਲੀਅਨ ਲੋਕਾਂ ਨੂੰ ਅਸੀਂ ਇਹ ਗੱਲ ਹੁਣ ਤੱਕ ਸਮਝਾਉਣ ’ਚ ਅਸਫ਼ਲ ਰਹੇ ਕਿ ਸਿੱਖ ਦੀ ਪਛਾਣ ਜਾਂ ਸਿੱਖ ਦੀ ਦਸਤਾਰ ਕੀ ਹੈ । ਜਿਸ ਦਾ ਖੁਲਾਸਾ ਉਂਦੋ ਹੋਇਆ, ਜਦੋਂ ਲੰਬਾਰਦੀਆ ਸੂਬੇ ਦੇ ਜਾਨਵਰਾਂ ਦੇ ਡਾਕਟਰਾਂ ਨੇ ਆਪਣੇ ਇਸ਼ਤਿਹਾਰ ਵਿੱਚ ਇਕ ਕੁੱਤੇ ਦੇ ਸਿਰ ’ਤੇ ਦਸਤਾਰ ਬੱਝੀ ਫੋਟੋ ਤਿਆਰ ਕਰਵਾਈ, ਜਿਸ ਦਾ ਸੰਗਤਾਂ ਨੂੰ ਪਤਾ ਲੱਗਾ ਤਾਂ ਸਭ ਦੀ ਹੈਰਾਨੀ ਦੀ ਕੋਈ ਹੱਦਬੰਦੀ ਨਹੀਂ ਰਹੀ ਕਿ ਇਹ ਕਿਵੇਂ ਹੋ ਗਿਆ, ਜਦਕਿ ਇਟਾਲੀਅਨ ਪ੍ਰਸ਼ਾਸਨ ਤੇ ਇਟਾਲੀਅਨ ਲੋਕ ਮਹਾਨ ਸਿੱਖ ਧਰਮ ਦੇ ਨਗਰ ਕੀਰਤਨਾਂ ਤੇ ਹੋਰ ਧਾਰਮਿਕ ਸਮਾਗਮਾਂ ’ਚ ਸ਼ਮੂਲੀਅਤ ਕਰਦੇ ਹਨ ।

ਇਟਾਲੀਅਨ ਲੋਕ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਇਟਲੀ ਭਰ ’ਚ ਸਜ ਰਹੇ ਨਗਰ ਕੀਰਤਨ ਦੇਖਦੇ ਹਨ, ਫਿਰ ਇਹ ਲੋਕ ਕਿਉਂ ਨਹੀਂ ਸਮਝ ਸਕੇ ਕਿ ਦਸਤਾਰ ਕੀ ਹੈ ਤੇ ਸਿੱਖ ਦਸਤਾਰ ਕਿਉਂ ਸਜਾਉਂਦੇ ਹਨ। ਜੇਕਰ ਸਿੱਖ ਸਮਾਜ ਹਰ ਸਾਲ ਲੱਖਾਂ ਯੂਰੋ ਖਰਚ ਕੇ ਵੀ ਇਟਾਲੀਅਨ ਲੋਕਾਂ ਨੂੰ ਦਸਤਾਰ ਦੀ ਮਹੱਤਤਾ ਸਮਝਾਉਣ ’ਚ ਕਾਮਯਾਬ ਨਹੀਂ ਹੋਇਆ ਤਾਂ ਕਸੂਰ ਕਿਸ ਦਾ ਹੈ। ਕੁਝ ਇਟਾਲੀਅਨ ਲੋਕ ਤਾਂ ਨਗਰ ਕੀਰਤਨਾਂ ਨੂੰ “ਮੰਜ਼ਾਰੇ ਫੇਸਤਾ” ਖਾਣ ਵਾਲਾ ਤਿਉਹਾਰ ਹੀ ਕਹਿੰਦੇ ਹਨ, ਜਿਹੜਾ ਕਿ ਸਿੱਖ ਸੰਗਤਾਂ ਦੀ ਦੋ ਦਹਾਕਿਆਂ ਦੀ ਮਿਹਨਤ ਨੂੰ ਬੇਫ਼ਲ ਕਰਦਾ ਜਾਪਦਾ ਹੈ। ਆਖਿ਼ਰ ਕਿਉਂ ਇਟਾਲੀਅਨ ਲੋਕ ਤੇ ਇਟਾਲੀਅਨ ਪ੍ਰਸ਼ਾਸਨ ਸਿੱਖ ਧਰਮ ਦੀ ਮਹਾਨਤਾ ਤੇ ਕੱਕਾਰਾਂ ਦੀ ਮਹਾਨਤਾ ਤੋਂ ਅਣਜਾਣ ਹੈ, ਸਿੱਖ ਦਾ ਤਾਜ ਉਸ ਦੀ ਸ਼ਾਨ ਦਸਤਾਰ ਤੋਂ ਅਣਜਾਣ ਹਨ।

ਇਸ ਲਈ ਕਸੂਰਵਾਰ ਸ਼ਾਇਦ ਅਸੀਂ ਆਪ ਹੀ ਹਾਂ ਕਿਉਂਕਿ ਨਗਰ ਕੀਰਤਨਾਂ ਜਾਂ ਹੋਰ ਧਾਰਮਿਕ ਸਮਾਗਮ ਹੁੰਦੇ ਜ਼ਰੂਰ ਹਨ ਪਰ ਅਸੀਂ ਇਨ੍ਹਾਂ ਵਿਚ ਆਪਣੇ ਅਸਲ ਮਕਸਦ ਦੀ ਪੂਰਤੀ ਨਾਮਾਤਰ ਹੀ ਕਰਦੇ ਹਾਂ । ਜੇਕਰ ਇਟਲੀ ਦਾ ਸਿੱਖ ਸਮਾਜ ਚਾਹੁੰਦਾ ਹੈ ਕਿ ਸਾਡਾ ਸਿੱਖ ਧਰਮ ਤੇ ਸਾਡੀ ਸ਼ਾਨ ਦਸਤਾਰ ਨੂੰ ਇਟਾਲੀਅਨ ਲੋਕ ਡੂੰਘਾਈ ਵਿਚ ਸਮਝਣ ਤਾਂ ਲੋੜ ਹੈ ਆਪਣੀ ਕਹਿਣੀ ਤੇ ਕਰਨੀ ਨੂੰ ਇਕ ਕਰਨ ਦੀ, ਨਹੀਂ ਤਾਂ ਨਤੀਜਾ ਤੁਹਾਡੇ ਸਭ ਦੇ ਸਾਹਮਣੇ ਹੀ ਹੈ।

Add a Comment

Your email address will not be published. Required fields are marked *