ਇਮਰਾਨ ਦੀ ਗ੍ਰਿਫ਼ਤਾਰੀ ਲਈ ਲਾਹੌਰ ਪਹੁੰਚੀ ਪੁਲੀਸ ਬੇਰੰਗ ਪਰਤੀ

ਇਸਲਾਮਾਬਾਦ, 5 ਮਾਰਚ-; ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀਟੀਆਈ) ਦੇ ਚੇਅਰਮੈਨ ਇਮਰਾਨ ਖਾਨ ਨੂੰ ਤੋਸ਼ਾਖਾਨਾ ਕੇਸ ਵਿੱਚ ਗ੍ਰਿਫ਼ਤਾਰ ਕਰਨ ਲਈ ਇਸਲਾਮਾਬਾਦ ਪੁਲੀਸ ਨੇ ਅੱਜ ਲਾਹੌਰ ਦੇ ਜ਼ਮਾਨ ਪਾਰਕ ਸਥਿਤ ਉਸ ਦੀ ਰਿਹਾਇਸ਼ ’ਤੇ ਦਸਤਕ ਦਿੱਤੀ। ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਨੂੰਨੀ ਸਲਾਹਕਾਰਾਂ ਨੇ ਇਸਲਾਮਾਬਾਦ ਪੁਲੀਸ ਨੂੰ ਦੱਸਿਆ ਖਾਨ 7 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣਗੇ। ਇਸ ਭਰੋਸੇ ਮਗਰੋਂ ਪੁਲੀਸ ਖਾਨ ਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਪਰਤ ਗਈ। ਤਹਿਰੀਕ-ਏ-ਇਨਸਾਫ ਪਾਰਟੀ ਦੇ ਉਪ ਚੇਅਰਮੈਨ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਇਮਰਾਨ ਖਾਨ ਖ਼ਿਲਾਫ਼ ਜਾਰੀ ਵਾਰੰਟ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਨਹੀਂ ਕਹੀ ਗਈ ਤੇ ਉਸ ਨੂੰ 7 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਪੀਟੀਆਈ ਦੇ ਕਾਰਕੁਨਾਂ ਨੇ ਧਮਕੀ ਦਿੱਤੀ ਕਿ ਜੇਕਰ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਆਰੰਭੇ ਜਾਣਗੇ। ਜ਼ਿਕਰਯੋਗ ਹੈ ਕਿ ਤੋਸ਼ਾਖਾਨਾ ਕੇਸ ਦੀ ਸੁਣਵਾਈ ਇਸਲਾਮਾਬਾਦ ਦੀ ਸੈਸ਼ਨਜ਼ ਅਦਾਲਤ ਵੱਲੋਂ ਕੀਤੀ ਜਾ ਰਹੀ ਹੈ ਤੇ ਇਮਰਾਨ ਖਾਨ ਤਿੰਨ ਵਾਰ ਸੁਣਵਾਈ ਲਈ ਪੇਸ਼ ਨਹੀਂ ਹੋਏ ਹਨ। ਇਸ ਮਗਰੋਂ ਇਸਲਾਮਾਬਾਦ ਤੇ ਪੰਜਾਬ ਪ੍ਰਾਂਤ ਦੀ ਪੁਲੀਸ ਖਾਨ ਨੂੰ ਹਿਰਾਸਤ ਵਿੱਚ ਲੈਣ ਲਈ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀ। ਮੀਡੀਆ ਖ਼ਬਰਾਂ ਅਨੁਸਾਰ ਜਦੋਂ ਪੁਲੀਸ ਲਾਹੌਰ ਪਹੁੰਚੀ ਤਾਂ ਪਾਰਟੀ ਆਗੂ ਫਵਾਦ ਚੌਧਰੀ ਦੀ ਅਪੀਲ ’ਤੇ ਪੀਟੀਆਈ ਕਾਰਕੁਨ ਵੱਡੀ ਗਿਣਤੀ ਵਿੱਚ ਇਮਰਾਮ ਖਾਨ ਦੀ ਰਿਹਾਇਸ਼ ਨੇੜੇ ਇੱਕਠੇ ਹੋ ਗਏ ਤੇ ਪੁਲੀਸ ਦੀ ਕਾਰਵਾਈ ਦਾ ਵਿਰੋਧ ਕੀਤਾ। ਪੇਸ਼ੀਆਂ ਨਾ ਭੁਗਤਣ ਕਾਰਨ ਸੈਸ਼ਨਜ਼ ਅਦਾਲਤ ਨੇ ਤੋਸ਼ਾਖਾਨਾ ਕੇਸ ਵਿੱਚ ਇਮਰਾਨ ਖਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ।  

Add a Comment

Your email address will not be published. Required fields are marked *