ਨਿਊਜ਼ੀਲੈਂਡ: ਨਸਲਵਾਦ ਖ਼ਿਲਾਫ਼ ਦੋ ਸਿੱਖਾਂ ਵੱਲੋਂ ਮਨੁੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ

ਮੈਲਬਰਨ, 3 ਮਾਰਚ-: ਨਸਲੀ ਟਿੱਪਣੀਆਂ ਦੇ ਮਾਮਲੇ ਵਿਚ ਨਿਊਜ਼ੀਲੈਂਡ ਦੇ ਦੋ ਸਿੱਖ ਟਰੱਕ ਡਰਾਈਵਰਾਂ ਨੇ ਆਪਣੇ ਸਾਬਕਾ ਕੰਪਨੀ ਮਾਲਕ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਾਇਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਕੰਪਨੀ ਮਾਲਕ ਨੇ ਉਸ ਮੈਨੇਜਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਿਸ ਨੇ ਉਨ੍ਹਾਂ (ਸਿੱਖਾਂ) ਨੂੰ ‘ਅਤਿਵਾਦੀ’ ਕਿਹਾ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਰਮਿੰਦਰ ਸਿੰਘ ਤੇ ਸੁਮਿਤ ਨੰਦਪੁਰੀ ਟੋਇੰਗ ਕੰਪਨੀ ਦੇ ਸਾਬਕਾ ਮੁਲਾਜ਼ਮ ਹਨ। ਰਿਪੋਰਟ ਮੁਤਾਬਕ ਕੰਪਨੀ ਦੀ ਮਾਲਕ ਪੈਮ ਵਾਟਸਨ ਨੇ ਨਸਲੀ ਦੁਰਵਿਹਾਰ ਦੇ ਮਾਮਲੇ ’ਚ ਆਪਣੇ ਮੈਨੇਜਰ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ, ਜਦਕਿ ਦੋਵਾਂ ਮੁਲਾਜ਼ਮਾਂ ਨੇ ਇਸ ਵਿਰੁੱਧ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਰਮਿੰਦਰ ਤੇ ਸੁਮਿਤ ਨੇ ਅਸਤੀਫ਼ਾ ਦੇ ਦਿੱਤਾ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਕ ਨਵੇਂ ਆਏ ਮੈਨੇਜਰ ਨੇ ਕਿਹਾ ਸੀ ਕਿ, ‘ਸਾਰੇ ਸਿੱਖ ਅਤਿਵਾਦੀ ਹਨ, ਤੇ ਇਕ ਹੋਰ ਮੌਕੇ ਉਤੇ ਉਸ ਨੇ ਆਪਣੇ ਸਹਿ-ਕਰਮੀ ਨਾਲ ਗੱਲ ਕਰ ਰਹੇ ਨੰਦਪੁਰੀ ਨੂੰ ਵਿਚਾਲੇ ਹੀ ਟੋਕ ਦਿੱਤਾ। ਉਨ੍ਹਾਂ ਮੁਤਾਬਕ ਮੈਨੇਜਰ ਨੇ ਸਿੱਖ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਵੀ ਵਰਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਵਾਟਸਨ ਨੂੰ ਸ਼ਿਕਾਇਤ ਕੀਤੀ ਪਰ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਅਸਤੀਫ਼ਾ ਦੇ ਦਿੱਤਾ। ਨੌਕਰੀ ਛੱਡਣ ਵੇਲੇ ਵੀ ਉਨ੍ਹਾਂ ਨੂੰ ਮਾਲਕ ਕੰਪਨੀ ਤੋਂ ਕੋਈ ਮੁਆਫ਼ੀਨਾਮਾ ਨਹੀਂ ਮਿਲਿਆ- ਬਲਕਿ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਮੌਤ ਦਾ ਜਸ਼ਨ ਮਨਾਇਆ ਸੀ। ਇਸ ਤੋਂ ਬਾਅਦ ਦੋਵਾਂ ਨੇ ਮਨੁੱਖੀ ਹੱਕ ਕਮਿਸ਼ਨ (ਐਚਆਰਸੀ) ਨੂੰ ਸ਼ਿਕਾਇਤ ਕੀਤੀ ਸੀ ਜਿਸ ਵੱਲੋਂ ਇਸ ਮਹੀਨੇ ਸੁਣਵਾਈ ਸ਼ੁਰੂ ਕੀਤੀ ਜਾਵੇਗੀ। ਜੇਕਰ ਐਚਆਰਸੀ ਕੋਈ ਫ਼ੈਸਲਾ ਕਰਨ ’ਚ ਸਫ਼ਲ ਨਹੀਂ ਹੁੰਦਾ ਤਾਂ ਇਹ ਸ਼ਿਕਾਇਤ ਮਨੁੱਖੀ ਅਧਿਕਾਰ ਸਮੀਖਿਆ ਟ੍ਰਿਬਿਊਨਲ ਕੋਲ ਵੀ ਭੇਜੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਰਮਿੰਦਰ ਸਿੰਘ ਨੇ ਕੰਪਨੀ ਲਈ ਢਾਈ ਸਾਲ ਕੰਮ ਕਰਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਰਮਿੰਦਰ ਨੇ ਕਿਹਾ ਕਿ ਉਹ ਦੋਵੇਂ ਨਿਊਜ਼ੀਲੈਂਡ ਦੇ ਨਾਗਰਿਕ ਹਨ ਤੇ ਰਿਕਾਰਡ ਬਿਲਕੁਲ ਸਾਫ਼ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਪਰਾਧੀਆਂ ਵਰਗਾ ਮਹਿਸੂਸ ਕਰਾਇਆ ਗਿਆ ਹੈ। ਰਮਿੰਦਰ ਨੇ ਕਿਹਾ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ ਹੋਣਾ, ‘ਮੂੰਹ ’ਤੇ ਚਪੇੜ ਮਾਰਨ ਵਰਗਾ ਹੈ। ਮੈਨੇਜਰ ਤੇ ਕੰਪਨੀ ਵੱਲੋਂ ਮੁਆਫ਼ੀ ਨਾ ਮੰਗਣਾ ਮਾਨਸਿਕ ਤੇ ਜਜ਼ਬਾਤੀ ਤੌਰ ਉਤੇ ਦੁੱਖ ਪਹੁੰਚਾ ਰਿਹਾ ਹੈ।’

Add a Comment

Your email address will not be published. Required fields are marked *