ਕਸ਼ਮੀਰੀ ਪੰਡਿਤ ਦੀ ਹੱਤਿਆ ਕਰਨ ਵਾਲੇ ਦੋ ਅਤਿਵਾਦੀ ਹਲਾਕ

ਸ੍ਰੀਨਗਰ, 28 ਫਰਵਰੀ-: ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸਲਾਮਤੀ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਅੱਜ ਦੋ ਅਤਿਵਾਦੀ ਮਾਰੇ ਗਏ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਹਾਲ ਹੀ ’ਚ ਕਸ਼ਮੀਰੀ ਪੰਡਿਤ ਸੁਰੱਖਿਆ ਗਾਰਡ ਦੀ ਹੱਤਿਆ ਕੀਤੀ ਸੀ। ਇਸ ਮੁਕਾਬਲੇ ਵਿੱਚ ਫੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਹਥਿਆਰਬੰਦ ਅਤਿਵਾਦੀਆਂ ਦੇ ਮਸਜਿਦ ’ਚ ਛੁਪੇ ਹੋਣ ਦੀ ਸੂਚਨਾ ਮਿਲਣ ’ਤੇ ਸਲਾਮਤੀ ਦਸਤਿਆਂ ਨੇ ਪਡਗਮਪੋਰਾ ਪਿੰਡ ਨੂੰ ਘੇਰਾ ਪਾ ਲਿਆ। ਇਹ ਘਟਨਾ ਲੰਘੀ ਰਾਤ ਸਵਾ ਇਕ ਵਜੇ ਵਾਪਰੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ 55 ਰਾਸ਼ਟਰੀ ਰਾਈਫਲਜ਼ ਨਾਲ ਸਬੰਧਿਤ ਜਵਾਨ ਦੇ ਪੱਟ ਵਿੱਚ ਗੋਲੀ ਲੱਗੀ। ਜ਼ਿਆਦਾ ਖੂਨ ਵਹਿ ਜਾਣ ਕਾਰਨ ਉਹ ਦਮ ਤੋੜ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਦਹਿਸ਼ਤਗਰਦਾਂ ਵਿੱਚੋਂ ਇਕ ਦੀ ਪਛਾਣ ਅਕੀਬ ਮੁਸ਼ਤਾਕ ਭੱਟ ਵਜੋਂ ਹੋਈ ਜੋ ਮਸਜਿਦ ਦੇ ਅਹਾਤੇ ’ਚ ਮਾਰਿਆ ਗਿਆ ਜਦੋਂ ਕਿ ਦੂਜੇ ਦੀ ਪਛਾਣ ਐਜਾਜ਼ ਅਹਿਮਦ ਭੱਟ ਵਾਸੀ ਪੁਲਵਾਮਾ ਵਜੋਂ ਹੋਈ ਹੈ। ਉਸ ਨੇ ਮਸਜਿਦ ਦੀ ਖਿੜਕੀ ਵਿੱਚੋਂ ਛਾਲ ਮਾਰ ਦਿੱਤੀ ਅਤੇ ਨੇੜਲੇ ਘਰ ਵਿੱਚ ਛੁਪ ਗਿਆ। ਸਲਾਮਤੀ ਦਸਤਿਆਂ ਨੇ ਉਸ ਨੂੰ ਵੀ ਮੁਕਾਬਲੇ ’ਚ ਮਾਰ ਮੁਕਾਇਆ। ਜ਼ਿਕਰਯੋਗ ਹੈ ਕਿ ਸੰਜੇ ਸ਼ਰਮਾ ਨਾਂ ਦੇ ਬੈਂਕ ਗਾਰਡ ਨੂੰ ਅਤਿਵਾਦੀਆਂ ਨੇ ਲੰਘੇ ਐਤਵਾਰ ਗੋਲੀ ਮਾਰ ਦਿੱਤੀ ਸੀ।

Add a Comment

Your email address will not be published. Required fields are marked *