ਆਸਟ੍ਰੇਲੀਆ ਬਣਿਆ ਚੈਂਪੀਅਨ, ਦੱ. ਅਫਰੀਕਾ ਨੂੰ 19 ਦੌੜਾਂ ਨਾਲ ਹਰਾਇਆ

ਕੇਪਟਾਊਨ –ਆਸਟਰੇਲੀਆ ਨੇ ਮਹਿਲਾ ਟੀ-20 ਵਿਸ਼ਵ ਕੱਪ 2023 ਦੇ ਫਾਈਨਲ ਵਿਚ ਐਤਵਾਰ ਨੂੰ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ 6ਵੀਂ ਵਾਰ ਟੀ-20 ਵਿਸ਼ਵ ਚੈਂਪੀਅਨ ਦਾ ਤਾਜ ਆਪਣੇ ਸਿਰ ਸਜਾਇਆ। ਨਿਊਲੈਂਡਸ ਮੈਦਾਨ ’ਤੇ ਖੇਡੇ ਗਏ ਖਿਤਾਬੀ ਮੁਕਾਬਲੇ ਵਿਚ ਆਸਟਰੇਲੀਆ ਨੇ ਬੇਥ ਮੂਨੀ (ਅਜੇਤੂ 74) ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਦੇ ਸਾਹਮਣੇ 157 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਜਵਾਬ ਵਿਚ ਦੱਖਣੀ ਅਫਰੀਕਾ ਲੌਰਾ ਵੁਲਫਾਰਟ (61) ਦੇ ਜੁਝਾਰੂ ਅਰਧ ਸੈਂਕੜੇ ਦੇ ਬਾਵਜੂਦ 137 ਦੌੜਾਂ ਤਕ ਹੀ ਪਹੁੰਚ ਸਕਿਆ।  ਘਰੇਲੂ ਪ੍ਰਸ਼ੰਸਕਾਂ ਦੇ ਸਮਰਥਨ ਨਾਲ ਦੱਖਣੀ ਅਫਰੀਕਾ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ ਪਰ ਵੱਡੇ ਮੈਚ ਦੀ ਵੱਡੀ ਖਿਡਾਰਨ ਮੂਨੀ ਨੇ ਇਕੱਲੇ ਸੰਘਰਸ਼ ਕਰਦੇ ਹੋਏ ਆਪਣੀ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ।

ਮੂਨੀ 53 ਗੇਂਦਾਂ ’ਤੇ 9 ਚੌਕਿਆਂ ਤੇ 1 ਛੱਕੇ ਨਾਲ 74 ਦੌੜਾਂ ਬਣਾ ਕੇ ਟੀ-20 ਵਿਸ਼ਵ ਕੱਪ ਫਾਈਨਲ ਵਿਚ ਦੋ ਅਰਧ ਸੈਂਕੜੇ ਲਾਉਣ ਵਾਲੀ ਪਹਿਲੀ ਖਿਡਾਰਨ ਬਣ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਵੁਲਫਾਰਟ ਨੇ ਅਰਧ ਸੈਂਕੜਾ ਲਾਇਆ, ਹਾਲਾਂਕਿ ਕੋਈ ਵੀ ਹੋਰ ਦੱਖਣੀ ਅਫਰੀਕੀ ਬੱਲੇਬਾਜ਼ ਉਸ ਦਾ ਸਾਥ ਨਹੀਂ ਦੇ ਸਕੀ। ਵੁਲਫਾਰਟ ਨੇ 48 ਗੇਂਦਾਂ ’ਤੇ 5 ਚੌਕਿਆਂ ਤੇ 3 ਛੱਕਿਆਂ ਦੇ ਨਾਲ 61 ਦੌੜਾਂ ਬਣਾਈਆਂ। ਪਾਰੀ ਦੇ 17ਵੇਂ ਓਵਰ ਵਿਚ ਵੁਲਫਾਰਟ ਦੀ ਵਿਕਟ ਡਿੱਗਦੇ ਹੀ ਦੱਖਣੀ ਅਫਰੀਕਾ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ। ਹੁਣ ਤਕ ਆਯੋਜਿਤ 8 ਮਹਿਲਾ ਟੀ-20 ਵਿਸ਼ਵ ਕੱਪਾਂ ਵਿਚ ਧਾਕੜ ਆਸਟਰੇਲੀਆ 7 ਵਾਰ ਫਾਈਨਲ ਵਿਚ ਪਹੁੰਚਿਆ ਹੈ।

ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਸੀ ਪਰ ਸਲਾਮੀ ਬੱਲੇਬਾਜ਼ ਐਲਿਸਾ ਹੀਲੀ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਉਸ ਨੇ ਮੂਨੀ ਦੇ ਨਾਲ ਪਹਿਲੀ ਵਿਕਟ ਲਈ 36 ਦੌੜਾਂ ਜੋੜੀਆਂ, ਹਾਲਾਂਕਿ ਉਹ ਖੁਦ 20 ਗੇਂਦਾਂ ’ਤੇ 18 ਦੌੜਾਂ ਹੀ ਬਣਾ ਸਕੀ। ਹੀਲੀ ਦੀ ਵਿਕਟ ਡਿੱਗਦੇ ਹੀ ਮੂਨੀ ਤੇ ਐਸ਼ਲੇ ਗਾਰਡਨਰ ਨੇ ਮੋਰਚਾ ਸੰਭਾਲ ਕੇ ਆਸਟਰੇਲੀਅਨ ਪਾਰੀ ਦੀ ਰਫ਼ਤਾਰ ਵਧਾ ਦਿੱਤੀ। ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਉੱਤਰੀ ਗਾਰਡਨਰ ਨੇ ਤੇਜ਼ ਖੇਡਦੇ ਹੋਏ ਮੂਨੀ ਦੇ ਨਾਲ ਦੂਜੀ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਆਸਟਰੇਲੀਆ 11 ਓਵਰਾਂ ਵਿਚ 79 ਦੌੜਾਂ ਬਣਾ ਕੇ ਵੱਡੇ ਸਕੋਰ ਵੱਲ ਵਧ ਰਿਹਾ ਸੀ ਪਰ ਦੱਖਣੀ ਅਫਰੀਕਾ ਨੇ 12ਵੇਂ ਓਵਰ ’ਚ ਗਾਰਡਨਰ ਦੀ ਵਿਕਟ ਸੁੱਟ ਕੇ ਰਨ ਰੇਟ ’ਤੇ ਰੋਕ  ਲਾ ਦਿੱਤੀ। ਆਸਟਰੇਲੀਆ ਨੇ ਇਸ ਦੌਰਾਨ ਗ੍ਰੇਸ ਹੈਰਿਸ ਤੇ ਮੇਗ ਲੈਨਿੰਗ ਦੀ ਵਿਕਟ ਵੀ ਸਸਤੇ ਵਿਚ ਗੁਆ ਦਿੱਤੀ ਪਰ ਮੂਨੀ ਨੇ ਆਪਣਾ ਹਮਲਾ ਜਾਰੀ ਰੱਖਿਆ। ਆਸਟਰੇਲੀਆ 17 ਓਵਰਾਂ ਵਿਚ 122 ਦੌੜਾਂ ਹੀ ਬਣਾ ਸਕਿਆ ਸੀ ਪਰ ਮੂਨੀ ਨੇ ਆਖਰੀ ਓਵਰਾਂ ਵਿਚ 34 ਦੌੜਾਂ ਜੋੜ ਕੇ ਆਪਣੀ ਟੀਮ ਨੂੰ 156 ਦੌੜਾਂ ਤਕ ਪਹੁੰਚਾਇਆ।

ਆਸਟਰੇਲੀਆ ਨੇ ਦੂਜੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਵਿਚ ਖਿਤਾਬੀ ਹੈਟ੍ਰਿਕ ਲਗਾਈ ਹੈ। ਟੀਮ ਨੇ 2018, 2020 ਤੇ 2023 ਵਿਚ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਟੀਮ ਨੇ 2010, 2012 ਤੇ 2014 ਵਿਚ ਵੀ ਖਿਤਾਬੀ ਹੈਟ੍ਰਿਕ ਲਗਾਈ ਸੀ। ਆਸਟਰੇਲੀਆ ਤੋਂ ਇਲਾਵਾ ਇੰਗਲੈਂਡ ਤੇ ਵੈਸਟਇੰਡੀਜ਼ ਨੇ 1-1 ਵਾਰ ਟੂਰਨਾਮੈਂਟ ਜਿੱਤਿਆ ਹੈ।

Add a Comment

Your email address will not be published. Required fields are marked *