“ਸ਼ਕਰੀਨ ਨਹੀਂ ਹੈ ਸਕਰੀਨ ਹੁੰਦੈ”, ਸ਼ੋਏਬ ਅਖ਼ਤਰ ਨੇ ਟੀ.ਵੀ ਡਿਬੇਟ ‘ਚ ਕਾਮਰਾਨ ਅਕਮਲ ਦਾ ਉਡਾਇਆ ਮਜ਼ਾਕ

ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਦਾ ਆਨਲਾਈਨ ਬਹਿਸ ‘ਚ ਮਜ਼ਾਕ ਉਡਾਉਣਾ ਪਾਕਿਸਤਾਨੀ ਬੱਲੇਬਾਜ਼ ਕਾਮਰਾਨ ਅਕਮਲ ਨੂੰ ਮਹਿੰਗਾ ਸਾਬਤ ਹੋਇਆ। ਬਾਬਰ ਆਜ਼ਮ ਦੀ ਅੰਗਰੇਜ਼ੀ ‘ਤੇ ਸ਼ੋਏਬ ਅਖਤਰ ਦੇ ਬਿਆਨ ‘ਤੇ ਕਾਮਰਾਨ ਨੇ ਟਿੱਪਣੀ ਕੀਤੀ ਸੀ। ਦਰਅਸਲ, ਅਖ਼ਤਰ ਨੇ ਇੱਕ ਸ਼ੋਅ ਵਿੱਚ ਕਿਹਾ ਸੀ ਕਿ ਬਾਬਰ ਇੱਕ ਬ੍ਰਾਂਡ ਨਹੀਂ ਬਣ ਸਕਦਾ ਕਿਉਂਕਿ ਉਸਨੂੰ ਅੰਗਰੇਜ਼ੀ ਨਹੀਂ ਆਉਂਦੀ। ਇਸ ‘ਤੇ ਸ਼ੋਅ ਦੌਰਾਨ ਕਾਮਰਾਨ ਨੇ ਕਿਹਾ ਕਿ ਸ਼ੋਏਬ ਨੇ ਅਜਿਹਾ ਬਿਆਨ ਸਿਰਫ਼ ਚਰਚਾ ਲਈ ਦਿੱਤਾ ਹੈ। ਇਸ ਦੌਰਾਨ ਜਦੋਂ ਸ਼ੋਅ ਆਰਗੇਨਾਈਜ਼ਰ ਨੇ ਸ਼ੋਏਬ ਨੂੰ ਬੁਲਾਇਆ ਤਾਂ ਸ਼ੋਏਬ ਨੇ ਕਾਮਰਾਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।

ਸ਼ੋਏਬ ਨੇ ਕਿਹਾ ਕਿ ਮੈਂ ਤੁਹਾਡੀ (ਕਾਮਰਾਨ) ਬਹਿਸ ਸੁਣ ਰਿਹਾ ਸੀ। ਤੁਸੀਂ ਟੀ.ਵੀ ਸਕਰੀਨ ਨੂੰ ਸ਼ਕਰੀਨ ਕਹਿ ਰਹੇ ਸੀ।  ਸ਼ਕਰੀਨ ਨਹੀਂ ਸਕਰੀਨ ਹੁੰਦਾ ਹੈ। ਉਹੀ ਮੈਂ ਗੱਲ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਤੁਹਾਨੂੰ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ, ਮੇਰਾ ਮਤਲਬ ਬਾਬਰ ਨੂੰ ਨੀਵਾਂ ਕਰਨਾ ਨਹੀਂ ਸੀ, ਉਹ ਇੱਕ ਬ੍ਰਾਂਡ ਚਿਹਰਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਰਾਟ ਕੋਹਲੀ ਦੀ ਤਰ੍ਹਾਂ ਦਿਖੇ। ਉਹ ਪ੍ਰੈਸ ਕਾਨਫਰੰਸ ਵਿੱਚ ਬਹੁਤ ਤੇਜ਼ ਹੈ ਤੇ ਬਾਬਰ ਵੀ ਹੋਣਾ ਚਾਹੀਦਾ ਹੈ।

ਦੱਸ ਦੇਈਏ ਕਿ ਅਕਮਲ ਨੇ ਪਿਛਲੇ ਦਿਨੀਂ ਏਸ਼ੀਆ ਕੱਪ 2010 ਦੌਰਾਨ ਗੌਤਮ ਗੰਭੀਰ ਨਾਲ ਆਪਣੀ ਤਕਰਾਰ ਬਾਰੇ ਗੱਲ ਕੀਤੀ ਸੀ। ਅਕਮਲ ਨੇ ਕਿਹਾ ਕਿ ਭਾਰਤੀ ਬੱਲੇਬਾਜ਼ ਗੰਭੀਰ ਖੁਦ ਨੂੰ ਗਾਲ੍ਹਾਂ ਕੱਢ ਰਿਹਾ ਸੀ। ਏਸ਼ੀਆ ਕੱਪ ‘ਚ ਗੰਭੀਰ ਅਤੇ ਕਾਮਰਾਨ ਵਿਚਾਲੇ ਹੋਈ ਟੱਕਰ ਨੂੰ ਪੂਰੀ ਦੁਨੀਆ ਨੇ ਦੇਖਿਆ। ਦੋਵਾਂ ਵਿਚਾਲੇ ਬਚਾਅ ਲਈ ਮਹਿੰਦਰ ਸਿੰਘ ਧੋਨੀ ਅੱਗੇ ਆਏ। ਦੋਵੇਂ ਮੈਦਾਨੀ ਅੰਪਾਇਰਾਂ ਨੇ ਖਿਡਾਰੀਆਂ ਨੂੰ ਖਿੰਡਾ ਦਿੱਤਾ ਸੀ। ਹੁਣ ਉਸ ਕਹਾਣੀ ਦੇ 13 ਸਾਲ ਬਾਅਦ ਕਾਮਰਾਨ ਨੇ ਕਿਹਾ ਕਿ ਉਸ ਦਿਨ ਮੈਨੂੰ ਗਲਤਫਹਿਮੀ ਹੋ ਗਈ ਸੀ ਕਿ ਗੰਭੀਰ ਮੇਰੇ ਨਾਲ ਬਦਸਲੂਕੀ ਕਰ ਰਹੇ ਹਨ। ਅਸਲ ਵਿੱਚ ਉਹ ਆਪਣੇ ਆਪ ਨੂੰ ਗਾਲ੍ਹਾਂ ਕੱਢ ਰਿਹਾ ਸੀ। ਸਾਡੀ ਗਲਤਫਹਿਮੀ ਦੂਰ ਹੋ ਗਈ।

Add a Comment

Your email address will not be published. Required fields are marked *