ਗੋਰਾਇਆ ਵਿਖੇ ਵਾਪਰਿਆ ਵੱਡਾ ਹਾਦਸਾ, ਸਿਲੰਡਰ ਫਟਣ ਨਾਲ ਘਰ ’ਚ ਲੱਗੀ ਅੱਗ
![](http://mehakewattan.com/wp-content/uploads/2023/02/10_48_273433269untitled-2-copy-ll.jpg)
ਗੋਰਾਇਆ – ਗੋਰਾਇਆ ਦੇ ਪਿੰਡ ਧੁਲੇਤਾ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ ਫਟਣ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਨਾਲ ਉਸ ਦੇ ਘਰ ਦੀਆਂ ਛੱਤਾਂ ਤੱਕ ਉੱਡ ਗਈਆਂ ਅਤੇ ਘਰ ’ਚ ਪਿਆ ਸਾਮਾਨ ਵੀ ਸੜ ਕਿ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਪੀੜਤ ਜਸਵੀਰ ਜੱਸਾ ਨੇ ਦੱਸਿਆ ਉਹ ਅਤੇ ਉਸ ਦੀ ਬੇਟੀ ਘਰ ’ਚ ਸਨ। ਉਸ ਦੀ ਬੇਟੀ ਦੀ ਸਿਹਤ ਠੀਕ ਨਹੀਂ ਸੀ, ਜਸਵੀਰ ਖ਼ੁਦ ਚਾਹ ਬਣਾਉਣ ਲਈ ਰਸੋਈ ’ਚ ਗਿਆ, ਜਿਸ ਨੇ ਜਿਵੇਂ ਹੀ ਗੈਸ ਚਲਾਇਆ ਤਾਂ ਸਿਲੰਡਰ ਨੂੰ ਅੱਗ ਲੱਗ ਗਈ।
ਵੇਖਦੇ ਹੀ ਵੇਖਦੇ ਅੱਗ ਵਧ ਗਈ। ਪਿਓ-ਧੀ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਅੱਗ ਲੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ। ਰਸੋਈ ’ਚ ਪਿਆ ਸਾਰਾ ਸਾਮਾਨ, ਜਿਸ ’ਚ ਫਰਿਜ਼, ਸਿਲੰਡਰ, ਗੈਸ ਚੁੱਲ੍ਹਾ, ਰਾਸ਼ਨ ਅਤੇ ਨਾਲ ਦੇ ਕਮਰੇ ’ਚ ਪਿਆ ਬੈੱਡ, ਕੱਪੜੇ, ਗੱਦੇ, ਮੋਬਾਇਲ ਫੋਨ ਸੜ ਕੇ ਸੁਆਹ ਹੋ ਗਏ। ਇਸ ਹਾਦਸੇ ਨਾਲ ਉਸ ਦੇ ਘਰ ਦੀਆਂ ਛੱਤਾਂ ਵੀ ਡਿੱਗ ਗਈਆਂ।
ਉਨ੍ਹਾਂ ਕਿਹਾ ਕਿ ਘਰ ਦੇ ਨਾਲ ਹੀ ਪੁਲਸ ਚੌਂਕੀ ਹੈ, ਜਿੱਥੇ ਉਨ੍ਹਾਂ ਸੂਚਨਾ ਦਿੱਤੀ ਅਤੇ ਫ਼ਾਇਰ ਬ੍ਰਿਗੇਡ ਨੂੰ ਫੋਨ ਲਈ ਕਿਹਾ ਪਰ ਪੁਲਸ ਮੁਲਾਜ਼ਮ ਨੇ ਕਿਹਾ ਉਸ ਕੋਲ ਨੰਬਰ ਨਹੀਂ ਹੈ, ਜਿਸ ਤੋਂ ਬਾਅਦ ਕਾਫ਼ੀ ਮੁਸ਼ੱਕਤ ਮਗਰੋਂ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਪੀੜਤ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ। ਇਥੇ ਦੱਸ ਦਈਏ ਕਿ ਅੱਗ ਲੱਗਣ ਤੋਂ ਬਾਅਦ ਗੈਸ ਏਜੰਸ਼ੀ ਦੇ ਮੁਲਾਜਮ ਵੀ ਮੌਕੇ ’ਤੇ ਆਏ ਸਨ, ਜੋ ਸਿਲੰਡਰ ਲੈ ਗਏ ਸਨ ਤੇ ਬਾਅਦ ’ਚ ਵਾਪਸ ਕਰਕੇ ਚਲੇ ਗਏ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)