Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ

ਕਾਬੁਲ : 2022 ‘ਚ ਲਗਜ਼ਰੀ ਫੈਸ਼ਨ ਹਾਊਸ ਲੂਈ ਵਿਟੌਨ ਦਾ ਪਹਿਲਾ ਅਫਗਾਨ ਸਿੱਖ ਦਸਤਾਰਧਾਰੀ ਮਾਡਲ ਕਰਨਜੀ ਸਿੰਘ ਗਾਬਾ ਬਣਿਆ। ਕਰਨਜੀ ਮਾਡਲਿੰਗ ਰਾਹੀਂ ਆਪਣੇ ਧਰਮ ਅਤੇ ਸੱਭਿਆਚਾਰ  ਨੂੰ ਦੂਰ-ਦੂਰ ਤੱਕ ਲਿਜਾਣਾ ਚਾਹੁੰਦਾ ਹੈ। ਮਾਡਲਿੰਗ ਤੋਂ ਪਹਿਲਾਂ ਉਹ ਫਿਲਮ ਮੇਕਰ ਸੀ। ਕਰਨਜੀ ਆਪਣੇ-ਆਪ ਨੂੰ ਇਕ ਕਹਾਣੀਕਾਰ ਵਜੋਂ ਦੇਖਦਾ ਹੈ ਕਿਉਂਕਿ ਉਹ ਲੋਕਾਂ ਨੂੰ ਸਿੱਖ ਧਰਮ ਬਾਰੇ ਕਹਾਣੀਆਂ ਸੁਣਾਉਣਾ ਪਸੰਦ ਕਰਦਾ ਹੈ।

ਮਾਣ ਵਾਲੀ ਗੱਲ ਇਹ ਹੈ ਕਿ ਰਿਫਿਊਜੀ ਦਾ ਦਰਜਾ ਪ੍ਰਾਪਤ ਹੋਣ ਕਰਕੇ ਉਹ ਸਿਰਫ਼ ਇਕ ਸਿੱਖ ਵਜੋਂ ਨਹੀਂ ਸਗੋਂ ਰਿਫਿਊਜੀ ਸਿੱਖ ਵਜੋਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਅਫਗਾਨਿਸਤਾਨ ਬਾਰੇ ਜੋ ਕੁਝ ਵੀ ਲੋਕਾਂ ਨੇ ਸੁਣਿਆ ਹੈ, ਉਹ ਸਿਰਫ ਅੱਤਵਾਦ ਨਾਲ ਸਬੰਧਤ ਹੈ। ਯੁੱਧ ਖੇਤਰ ਤੋਂ ਆਉਣਾ ਅਤੇ ਕੈਮਰੇ ਦੇ ਸਾਹਮਣੇ ਆਪਣੀ ਕਹਾਣੀ ਨੂੰ ਸਾਂਝਾ ਕਰਨ ਦੇ ਯੋਗ ਹੋਣਾ, ਸਿਰਫ਼ ਉਸ ਦੇ ਲਈ ਨਹੀਂ ਬਲਕਿ ਪੂਰੇ ਸਿੱਖ ਭਾਈਚਾਰੇ ਲਈ ਵੱਡੀ ਗੱਲ ਹੈ।

ਲੂਈ ਵਿਟੌਨ ਦਾ ਕੈਂਪੇਨ ਕਰਨਜੀ ਲਈ ਇਕ ਮਹੱਤਵਪੂਰਨ ਪ੍ਰਾਪਤੀ ਸਾਬਤ ਹੋਈ। ਕਰਨਜੀ ਪਹਿਲਾਂ ਕਈ ਮੈਗਜ਼ੀਨਾਂ ਦੀ ਸੰਪਾਦਕੀ ਵਿੱਚ ਪ੍ਰਦਰਸ਼ਿਤ ਹੋ ਚੁੱਕਾ ਸੀ। ਪਹਿਲੀ ਵਾਰ ਉਹ 2022 ਵਿੱਚ ਇਕ ਫੈਸ਼ਨ ਕੈਂਪੇਨ ਵਿੱਚ ਦਿਖਾਈ ਦਿੱਤਾ। ਇਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਇਸ ਬ੍ਰੈਂਡ ਦਾ ਪਹਿਲਾ ਸਿੱਖ ਮਾਡਲ ਹੋਣ ਕਰਕੇ ਮੈਨੂੰ ਕੁਝ ਅਜੀਬ ਅਹਿਸਾਸ ਹੋਇਆ।

ਉਸ ਨੂੰ ਨਹੀਂ ਪਤਾ ਸੀ ਕਿ ਟੀਮ ਕਿਵੇਂ ਪ੍ਰਤੀਕਿਰਿਆ ਕਰੇਗੀ ਕਿਉਂਕਿ ਕਈ ਕੈਂਪੇਨਸ ਵਿੱਚ ਸਿੱਖਾਂ ਨੂੰ ਆਪਣੀ ਦਾੜ੍ਹੀ ਕੱਟਣ ਜਾਂ ਫਿੱਟ ਹੋਣ ਲਈ ਆਪਣੇ-ਆਪ ਨੂੰ ਕਿਸੇ ਪੱਖੋਂ ਬਦਲਣ ਲਈ ਕਿਹਾ ਜਾਂਦਾ ਹੈ ਪਰ ਕਰਨਜੀ ਨੇ ਪਹਿਲੇ ਦਿਨ ਤੋਂ ਹੀ ਸਪੱਸ਼ਟ ਕਰ ਦਿੱਤਾ ਸੀ ਉਹ ਕਿਸੇ ਨੂੰ ਵੀ ਆਪਣੇ-ਆਪ ਨੂੰ ਸੋਧਣ ਦੀ ਇਜਾਜ਼ਤ ਨਹੀਂ ਦੇਵੇਗਾ। ਉਸ ਪਲ ਨੂੰ ਯਾਦ ਕਰਕੇ ਉਹ ਮਾਣ ਮਹਿਸੂਸ ਕਰਦਾ ਹੈ ਕਿ ਉਸ ਨੂੰ ਅਜਿਹੀ ਵਿਭਿੰਨਤਾ ਵਾਲੇ ਕੈਂਪੇਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।

Add a Comment

Your email address will not be published. Required fields are marked *