‘ਮਿਸਿਜ਼ ਚੈਟਰਜੀ ਵਰਸੇਜ ਨਾਰਵੇ’ ਦਾ ਟਰੇਲਰ ਰਿਲੀਜ਼, ਰਾਣੀ ਮੁਖਰਜੀ ਨੇ ਬੱਚਿਆਂ ਲਈ ਪਾਰ ਕੀਤੀਆਂ ਸਾਰੀਆਂ ਹੱਦਾਂ

ਮੁੰਬਈ : ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਆਉਣ ਵਾਲੀ ਫ਼ਿਲਮ ‘ਮਿਸਿਜ਼ ਚੈਟਰਜੀ ਵਰਸੇਜ਼ ਨਾਰਵੇ’ ਦਾ ਪਹਿਲਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਬਹੁਤ ਜ਼ਬਰਦਸਤ ਹੈ, ਜਿਸ ‘ਚ ਰਾਣੀ ਮੁਖਰਜੀ ਦੀ ਸ਼ਾਨਦਾਰ ਪਰਫਾਰਮੈਂਸ ਵੇਖਣ ਨੂੰ ਮਿਲ ਰਹੀ ਹੈ। ਫ਼ਿਲਮ ਇੱਕ ਬੰਗਾਲੀ ਔਰਤ ਬਾਰੇ ਹੈ, ਜੋ ਨਾਰਵੇ ‘ਚ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਹੈ। ਹਾਲਾਂਕਿ, ਬਾਲ ਸੁਰੱਖਿਆ ਸੇਵਾਵਾਂ ਦੁਆਰਾ ਉਸ ਦੇ ਬੱਚਿਆਂ ਨੂੰ ਉਸ ਤੋਂ ਖੋਹ ਲਿਆ ਜਾਂਦਾ ਹੈ। ਟਰੇਲਰ ਦੀ ਸ਼ੁਰੂਆਤ ਸ਼੍ਰੀਮਤੀ ਚੈਟਰਜੀ ਦੁਆਰਾ ਨਾਰਵੇ ‘ਚ ਆਪਣੀ ਨਵੀਂ ਜ਼ਿੰਦਗੀ ਦੀ ਸਹੀ ਤਸਵੀਰ ਪੇਸ਼ ਕਰਨ ਨਾਲ ਹੁੰਦੀ ਹੈ। ਉਹ ਆਪਣੇ ਪਰਿਵਾਰ ਨਾਲ ਨਾਰਵੇ ‘ਚ ਨਵੀਂ ਸ਼ੁਰੂਆਤ ਕਰਨ ਲਈ ਆਪਣਾ ਦੇਸ਼ ਛੱਡਦੀ ਹੈ। ਉਹ ਆਪਣੇ ਦੋਵੇਂ ਬੱਚਿਆਂ ਸ਼ੁਭ ਅਤੇ ਸੂਚੀ ਨੂੰ ਬਹੁਤ ਪਿਆਰ ਕਰਦੀ ਹੈ ਪਰ ਇੱਕ ਦਿਨ ਦੋ ਔਰਤਾਂ ਉਸ ਤੋਂ ਦੇਵੇਂ ਬੱਚੇ ਖੋਹ ਲੈਂਦੀ ਹੈ। ਬਾਅਦ ‘ਚ ਉਸ ਨੂੰ ਪਤਾ ਲੱਗਿਆ ਕਿ ਚੈਟਰਜੀ ਬੱਚਿਆਂ ਦੀ ਸਹੀ ਦੇਖਭਾਲ ਕਰਨ ‘ਚ ਅਸਮਰਥ ਹੋਣ ਤੋਂ ਬਾਅਦ ਸਰਕਾਰ ਵਲੋਂ ਬੱਚਿਆਂ ਨੂੰ ਉਸ ਤੋਂ ਦੂਰ ਕਰ ਲਿਆ ਜਾਂਦਾ ਹੈ।

ਅਸਲ ‘ਚ ਨਾਰਵੇ ਅਤੇ ਭਾਰਤ ਦੋਵਾਂ ‘ਚ ਬਹੁਤ ਸਾਰੇ ਸੱਭਿਆਚਾਰਕ ਅੰਤਰ ਹਨ ਅਤੇ ਰਹਿਣ ਦਾ ਤਰੀਕਾ ਵੱਖਰਾ ਹੈ। ਇਸ ਕਾਰਨ ਨਾਰਵੇ ਦੇ ਅਧਿਕਾਰੀ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਤਰੀਕਿਆਂ ਨੂੰ ਗ਼ਲਤ ਮੰਨਦੇ ਹਨ। ਜਦੋਂ ਸ਼੍ਰੀਮਤੀ ਚੈਟਰਜੀ ਆਪਣੇ ਬੱਚਿਆਂ ਨੂੰ ਹੱਥੀਂ ਖੁਆਉਂਦੀ ਹੈ, ਉਨ੍ਹਾਂ ਨਾਲ ਉਸੇ ਬਿਸਤਰੇ ‘ਤੇ ਸੌਂਦੀ ਹੈ ਜਾਂ ਆਪਣੇ ਬੱਚਿਆਂ ਨੂੰ ‘ਨਜ਼ਰ’ ਟਿੱਕਾ ਲਗਾਉਂਦੀ ਹੈ, ਤਾਂ ਉਥੇ ਲੋਕਾਂ ਨੂੰ ਇਹ ਗਲਤ ਲੱਗਦਾ ਹੈ। ਉਨ੍ਹਾਂ ਅਨੁਸਾਰ ਇਹ ਸਭ ਕੁਝ ਮਾਂ ਨੂੰ ਆਪਣੇ ਬੱਚਿਆਂ ਤੋਂ ਵੱਖ ਕਰਨ ਲਈ ਕਾਫ਼ੀ ਹੈ। ਹਾਲਾਂਕਿ, ਸ਼੍ਰੀਮਤੀ ਚੈਟਰਜੀ ਹਾਰ ਨਹੀਂ ਮੰਨੇਗੀ। ਉਹ ਨਾਰਵੇ ਅਤੇ ਭਾਰਤ ਦੀਆਂ ਅਦਾਲਤਾਂ ‘ਚ ਆਪਣੇ ਅਤੇ ਆਪਣੇ ਬੱਚਿਆਂ ਦੇ ਹੱਕਾਂ ਲਈ ਲੜਨ ਵਾਸਤੇ ਨਾਰਵੇ ਅਤੇ ਭਾਰਤ ਦੀ ਅਦਾਲਤਾਂ ‘ਚ ਜਾਂਦੀ ਹੈ।

ਦੱਸਣਯੋਗ ਹੈ ਕਿ ਆਸ਼ਿਮਾ ਛਿੱਬਰ ਦੁਆਰਾ ਨਿਰਦੇਸ਼ਤ, ‘ਮਿਸਿਜ਼ ਚੈਟਰਜੀ ਬਨਾਮ ਨਾਰਵੇ’ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਫ਼ਿਲਮ ਇੱਕ ‘ਐੱਨ. ਆਰ. ਆਈ’ ਮਾਂ ਦੀ ਨਾਰਵੇਈ ਪਾਲਣ ਪੋਸ਼ਣ ਪ੍ਰਣਾਲੀ ਅਤੇ ਸਥਾਨਕ ਕਾਨੂੰਨੀ ਮਸ਼ੀਨਰੀ ਦੇ ਵਿਰੁੱਧ ਆਪਣੇ ਬੱਚਿਆਂ ਦੀ ਕਸਟਡੀ ਮੁੜ ਪ੍ਰਾਪਤ ਕਰਨ ਲਈ ਲੜਾਈ ਦੀ ਕਹਾਣੀ ਦੱਸਦੀ ਹੈ। ਪਹਿਲਾਂ ਇਹ ਫ਼ਿਲਮ 3 ਮਾਰਚ, 2023 ਨੂੰ ਰਿਲੀਜ਼ ਹੋਣੀ ਸੀ ਪਰ ਬਾਅਦ ‘ਚ ਇਸ ਦੀ ਰਿਲੀਜ਼ਿੰਗ ਡੇਟ ਨੂੰ ਬਦਲ ਕੇ 21 ਮਾਰਚ, 2023 ਕਰ ਦਿੱਤਾ ਗਿਆ ਹੈ। ਹੁਣ ਇਹ ਰਾਣੀ ਮੁਖਰਜੀ ਦੇ ਜਨਮਦਿਨ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *