ਅਜਨਾਲਾ ਵਿਖੇ ਹੋਏ ਹਿੰਸਕ ਪ੍ਰਦਰਸ਼ਨ ‘ਤੇ ਬੋਲੀ ਬੀਬਾ ਹਰਸਿਮਰਤ ਬਾਦਲ, ਕਿਹਾ-“ਪੰਜਾਬ ਦਾ ਭਵਿੱਖ ਖਤਰੇ ‘ਚ”

ਬੁਢਲਾਡਾ : ਪੰਜਾਬ ਅੰਦਰ ਅੱਜ ਗੈਂਗਸਟਰਾਂ ਦਾ ਰਾਜ, ਥਾਣੇ ‘ਤੇ ਹਮਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਗੇ ਕਰ ਦਿੱਤੀ ਅਤੇ ਆਪਣੇ ਸਾਥੀਆਂ ਨੂੰ ਛੁਡਵਾ ਲਿਆ, ਮਾਨ ਸਰਕਾਰ ਨੇ ਇਨ੍ਹਾਂ ਸਾਹਮਣੇ ਆਪਣੇ ਗੋਡੇ ਟੇਕ ਦਿੱਤੇ। ਇਹ ਸ਼ਬਦ ਪਿੰਡ ਕਲੀਪੁਰ ਵਿਖੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਬੂਥ ਕਮੇਟੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਦਨਾਮ ਕਰਨ ਲਈ ਭੰਡੀ ਪ੍ਰਚਾਰ ਕੀਤਾ ਰਿਹਾ ਹੈ।

ਭਾਜਪਾ ਪੰਜਾਬ ਵਿੱਚ ਆਸ ਲਗਾਈ ਬੈਠੀ ਹੈ ਕਿ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਹੈ ਉਥੇ ਇੰਦਰਾ ਗਾਂਧੀ ਨੇ ਪੰਜਾਬ ‘ਚ ਫੌਜ ਭੇਜੀ ਉਥੇ ਆਰ.ਐੱਸ.ਐੱਸ. ਦੇ ਪਿੱਠੂਆਂ ਨੇ ਹਰਿਆਣੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੋਲਕ ‘ਤੇ ਕਬਜ਼ਾ ਕਰਕੇ ਉਸ ਸੂਬੇ ਦਾ ਮੁੱਖ ਮੰਤਰੀ ਅਰਦਾਸ ਦੌਰਾਨ ਨੰਗੇ ਸਿਰ ਖੜ੍ਹਾ ਹੈ। ਇਸ ਤੋਂ ਸਪਸ਼ਟ ਹੈ ਕਿ ਸਾਡੀ ਅਰਦਾਸ ਬਦਲ ਦਿੱਤੀ ਜਾਵੇਗੀ ਸਾਡੀ ਮਰਿਆਦਾ ਬਦਲ ਦਿੱਤੀ ਜਾਵੇਗੀ। ਪਰ ਗੁਰੂ ਕੇ ਸਿੱਖ ਦੀਆਂ ਲਾਡਲੀਆਂ ਫੌਜਾਂ ਮੂੰਹ ਤੋੜ ਜੁਆਬ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਹਮੇਸ਼ਾ ਤਿਆਰ ਹਨ।

ਅੱਜ ਪੰਜਾਬ ‘ਚ ਨੌਜਵਾਨਾਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਪਿੰਡਾਂ ਦੇ ਨੌਜਵਾਨ ਬਾਹਰ ਨੂੰ ਜਾ ਰਹੇ ਹਨ। ਪੰਜਾਬ ਦੀ ਤਰੱਕੀ ਕਿੱਥੋਂ ਹੋਵੇਗੀ ਜਿਹੜੇ ਨੌਜਵਾਨ ਪੰਜਾਬ ‘ਚ ਰਹਿ ਗਏ ਹਨ ਉਹ ਬੇਰੁਜ਼ਗਾਰ ਸੰਘਰਸ਼ ਕਰ ਰਹੇ ਹਨ ਜਾਂ ਕੁਝ ਨਸ਼ਿਆ ‘ਚ ਗੁਲਤਾਨ ਹੋ ਰਹੇ ਹਨ। ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਜਨਤਾ ਨਾਲ ਝੂਠੀਆਂ ਗਾਰੰਟੀਆਂ ਦੇ ਕੇ ਧੋਖੇ ਨਾਲ ਬਣਾਈ ਸਰਕਾਰ ਹੈ। ਸਰਕਾਰ ਨੇ ਲੋਕਾਂ ਨੂੰ ਲਾਰੇ ਲਗਾ ਕੇ ਠੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 70 ਸਾਲਾਂ ਦੇ ਰਾਜ ਦੌਰਾਨ 1 ਲੱਖ 70 ਹਜ਼ਾਰ ਕਰੋੜ ਦਾ ਕਰਜ਼ਾ ਸੀ। ਪਿਛਲੀਆਂ ਕਾਂਗਰਸ ਸਮੇਤ ਇਸ ਸਰਕਾਰ ਨੇ 2 ਲੱਖ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਲੋਕਾਂ ਸਿਰ ਚੜ੍ਹਾ ਦਿੱਤਾ ਹੈ। ਪੰਜਾਬ ਦਾ ਭਵਿੱਖ ਖੱਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤੇ ਦੀ ਆੜ ਹੇਠ ਅਕਾਲੀ ਦਲ ਦੇ ਖਿਲਾਫ਼ ਭੰਡੀ ਪ੍ਰਚਾਰ ਕੀਤਾ ਗਿਆ ਪ੍ਰੰਤੂ ਅੱਜ ਮੁਫ਼ਤ ਬਿਜਲੀ ਦੇ ਵਾਅਦੇ ਨੇ ਬਿਜਲੀ ਵਿਭਾਗ ਨੂੰ 35 ਹਜ਼ਾਰ ਕਰੋੜ ਰੁਪਏ ਦੇ ਘਾਟੇ ਵੱਲ ਧੱਕ ਦਿੱਤਾ ਹੈ। ਵਿਭਾਗ ਕੋਲ ਤਨਖਾਹਾਂ ਦੇਣ ਲਈ ਪੈਸੇ ਨਹੀਂ ਹੈ, ਬਿਜਲੀ ਮਹਿਕਮਾ ਜਲਦ ਹੀ ਬੰਦ ਹੋਣ ਕਿਨਾਰੇ ਹੈ।

ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲੇ ‘ਚ 7 ਸਾਲਾਂ ਤੋਂ ਅਕਾਲੀ ਦਲ ਖਿਲਾਫ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿੱਟ ਕਾਂਗਰਸ ਨੇ ਬਣਾਈ, ਰਿਪੋਰਟ ਮਾਨ ਸਰਕਾਰ ਨੇ ਪੇਸ਼ ਕੀਤੀ, ਜਿਸ ਵਿੱਚ ਅਕਾਲੀ ਦਲ ਦੇ ਕਿਸੇ ਵਰਕਰ ਜਾਂ ਆਗੂ ਦਾ ਕਿਤੇ ਵੀ ਕੋਈ ਨਾਮ ਨਜ਼ਰ ਨਹੀਂ ਆ ਰਿਹਾ। ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ। ਇਸ ਮੌਕੇ ਉਨ੍ਹਾਂ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਪੱਧਰ ‘ਤੇ ਮੋਰਚੇ ਸੰਭਾਲਣ। ਅਕਾਲੀ ਦਲ ਬਾਦਲ ਦੇ ਰਾਜ ਵਿੱਚ ਪੰਜਾਬ ਦੇ ਹਰ ਵਰਗ ਲਈ ਲਿਆਂਦੀਆਂ ਯੋਜਨਾਵਾਂ, ਵਿਕਾਸ, ਤਰੱਕੀ, ਕਿਰਸਾਨੀ ਦੀ ਮਜਬੂਤੀ ਲਈ, ਵਪਾਰੀਆਂ, ਮੁਲਾਜਮਾਂ, ਖੇਤ ਮਜਦੂਰਾਂ, ਔਰਤਾਂ, ਆਟਾ ਦਾਲ ਸਕੀਮ, ਸ਼ਗਨ ਸਕੀਮ, ਭਾਈ ਭਾਗੋ ਸਕੀਮ ਸਕੂਲ ਵਿਦਿਆਰਥੀਆਂ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਾਈਕਲ, ਸਕਾਲਰਸ਼ਿਪ ਵਰਗੀਆਂ ਸਹੂਲਤਾਂ ਦੇ ਕੇ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਤੋਰਿਆ ਸੀ ਦਾ ਪ੍ਰਚਾਰ ਘਰ ਘਰ ਕਰਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਅਕਾਲੀ ਦਲ ਬਾਦਲ ਨਾਲ ਸੋਸ਼ਲ ਮੀਡੀਆ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਸਾਡਾ ਭਵਿੱਖ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਹੈ।

Add a Comment

Your email address will not be published. Required fields are marked *