ਖੁਦ ਨੂੰ CIA ਸਟਾਫ ਦੱਸ ਨੌਜਵਾਨ ਨੂੰ ਕੀਤਾ ਅਗਵਾ, ਸ਼ਮਸ਼ਾਨਘਾਟ ’ਚ ਲਿਜਾ ਚੁੱਕਿਆ ਖ਼ੌਫ਼ਨਾਕ ਕਦਮ

ਮੋਹਾਲੀ –ਭਰਾ ਦੇ ਕਤਲ ਵਿਚ ਸ਼ਾਮਿਲ ਹੋਣ ਦੇ ਸ਼ੱਕ ਦੇ ਚਲਦਿਆਂ ਹੀ ਬੜਮਾਜਰਾ ਦੇ ਰਹਿਣ ਵਾਲੇ ਗੌਰੀ ਨੇ 2 ਹੋਰ ਸਾਥੀਆਂ ਨਾਲ ਮਿਲ ਕੇ ਹਰਦੀਪ ਸਿੰਘ ਉਰਫ ਰਾਜੂ (24) ਦੇ ਹੱਥ ਦੀਆਂ 4 ਉਂਗਲੀਆਂ ਕੱਟ ਦਿੱਤੀਆਂ। ਇਹੀ ਨਹੀਂ, ਮੁਲਜ਼ਮਾਂ ਨੇ ਪੂਰੀ ਵਾਰਦਾਤ ਦਾ ਤਕਰੀਬਨ 33 ਸੈਕੰਡ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਲਹੂ-ਲੁਹਾਨ ਹਾਲਤ ਵਿਚ ਹਰਦੀਪ ਨੂੰ ਪੀ. ਜੀ. ਆਈ. ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ 2 ਉਂਗਲੀਆਂ ਤਾਂ ਜੋੜ ਦਿੱਤੀਆਂ, ਜਦਕਿ ਹੋਰ 2 ਪੂਰੀ ਤਰ੍ਹਾਂ ਨਾਲ ਡੈਮੇਜ ਹੋ ਜਾਣ ਕਾਰਨ ਜੋੜੀਆਂ ਨਹੀਂ ਜਾ ਸਕੀਆਂ । ਉੱਥੇ ਹੀ, ਦੂਜੇ ਪਾਸੇ ਫੇਜ਼-1 ਥਾਣਾ ਪੁਲਸ ਨੇ ਜਾਂਚ ਦੇ ਆਧਾਰ ’ਤੇ ਹੀ ਬੜਮਾਜਰਾ ਨਿਵਾਸੀ ਗੌਰੀ, ਪਟਿਆਲੇ ਦੇ ਰਹਿਣ ਵਾਲੇ ਤਰੁਣ ਅਤੇ ਇਕ ਹੋਰ ਸਾਥੀ ਖਿਲਾਫ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ 7 ਤੋਂ 8 ਮਹੀਨੇ ਪਹਿਲਾਂ ਬਲੌਂਗੀ ਦੇ ਰਹਿਣ ਵਾਲੇ ਬੰਟੀ ਦਾ ਕਤਲ ਕਰ ਦਿੱਤਾ ਗਿਆ ਸੀ। ਬੰਟੀ ਦੇ 2 ਭਰਾ ਹਨ, ਜਿਨ੍ਹਾਂ ’ਚੋਂ ਇਕ ਗੌਰੀ ਕੇਸ ਦੇ ਚੱਲਦਿਆ ਉਸ ਸਮੇਂ ਜੇਲ੍ਹ ਵਿਚ ਬੰਦ ਸੀ। ਫਰਵਰੀ ਮਹੀਨੇ ਵਿਚ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਸਮੇਂ ਕਤਲ ਕੀਤਾ ਗਿਆ ਸੀ, ਉਸ ਸਮੇਂ ਬੰਟੀ ਨੂੰ ਆਖਰੀ ਕਾਲ ਹਰਦੀਪ ਦੀ ਆਈ ਸੀ। ਹਰਦੀਪ ਨੇ ਬੰਟੀ ਨੂੰ ਕਾਲ ਕਰ ਕੇ ਬੁਲਾਇਆ ਸੀ ਕਿ ਉਸ ਦੀ ਲੜਾਈ ਹੋ ਗਈ ਹੈ ਅਤੇ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਹੈ। ਇਸ ਵਾਰਦਾਤ ਵਿਚ ਬੰਟੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਪੂਰਾ ਸ਼ੱਕ ਸੀ ਕਿ ਹਰਦੀਪ ਕਿਤੇ ਨਾ ਕਿਤੇ ਬੰਟੀ ਦੇ ਕਤਲ ਦੀ ਵਾਰਦਾਤ ਵਿਚ ਸ਼ਾਮਿਲ ਹੈ।

ਇਸ ਸ਼ੱਕ ਦੇ ਚਲਦਿਆਂ ਗੌਰੀ ਨੇ ਆਪਣੇ ਦੋਸਤ ਤਰੁਣ ਅਤੇ ਹੋਰ ਦੋਸਤ ਨੂੰ ਹਰਦੀਪ ਕੋਲ ਭੇਜਿਆ ਸੀ। 8 ਫਰਵਰੀ ਨੂੰ ਤਰੁਣ ਅਤੇ ਹੋਰ ਨੌਜਵਾਨ ਹਰਦੀਪ ਕੋਲ ਫੇਜ਼-1 ਵਿਚ ਗਏ। ਉਨ੍ਹਾਂ ਨੇ ਹਰਦੀਪ ਨੂੰ ਦੱਸਿਆ ਕਿ ਉਹ ਸੀ. ਆਈ. ਏ. ਵੱਲੋਂ ਆਏ ਹਨ ਅਤੇ ਕਿਸੇ ਕੇਸ ਨੂੰ ਲੈ ਕੇ ਪੁੱਛਗਿਛ ਕਰਨੀ ਹੈ, ਜਿਸ ਲਈ ਉਨ੍ਹਾਂ ਨਾਲ ਚੱਲਣਾ ਹੋਵੇਗਾ। ਇਸ ’ਤੇ ਹਰਦੀਪ ਨਾਲ ਚੱਲ ਪਿਆ। ਜਿਵੇਂ ਹੀ ਹਰਦੀਪ ਕਾਰ ਕੋਲ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਅੰਦਰ ਗੌਰੀ ਬੈਠਾ ਹੋਇਆ ਹੈ। ਉਹ ਗੌਰੀ ਨੂੰ ਵੇਖ ਕੇ ਹੈਰਾਨ ਰਹਿ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸ ’ਤੇ ਤਿੰਨਾਂ ਨੇ ਉਸ ਨੂੰ ਫੜ ਕੇ ਜਬਰਨ ਕਾਰ ਵਿਚ ਬਿਠਾ ਲਿਆ ਅਤੇ ਬੜਮਾਜਰਾ ਦੇ ਸ਼ਮਸ਼ਾਨਘਾਟ ਪਹੁੰਚੇ। ਉੱਥੇ ਤਿੰਨਾਂ ਨੇ ਮਿਲ ਕੇ ਪਹਿਲਾਂ ਹਰਦੀਪ ਦੀ ਮਾਰਕੁੱਟ ਕੀਤੀ। ਇਸ ਤੋਂ ਬਾਅਦ ਇਕ ਨੌਜਵਾਨ ਨੇ ਮੋਬਾਇਲ ’ਤੇ ਵੀਡੀਓ ਬਣਾਉਣਾ ਸ਼ੁਰੂ ਕੀਤਾ। ਇਕ ਨੇ ਹਰਦੀਪ ਨੂੰ ਫੜ ਲਿਆ ਅਤੇ ਦੂਜੇ ਨੇ ਜਬਰਨ ਹੱਥ ਨੂੰ ਧਰਤੀ ’ਤੇ ਰਖਵਾਉਂਦੇ ਹੇਏ ਤਲਵਾਰ ਦੇ ਕਈ ਵਾਰ ਕਰ ਕੇ 4 ਉਂਗਲੀਆਂ ਕੱਟ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਤੋਂ ਬਾਅਦ ਤਿੰਨੇ ਮੁਲਜ਼ਮ ਲਹੂ-ਲੁਹਾਨ ਹਾਲਤ ਵਿਚ ਹਰਦੀਪ ਨੂੰ ਉੱਥੇ ਹੀ ਛੱਡ ਕਰ ਫਰਾਰ ਹੋ ਗਏ।

ਮੁਲਜ਼ਮਾਂ ਨੇ ਵਾਰਦਾਤ ਦੀ ਪੂਰੀ ਵੀਡੀਓ ਬਣਾਈ, ਜਿਸ ਵਿਚ ਸਾਫ਼ ਤੌਰ ’ਤੇ ਵੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਹਰਦੀਪ ਦੇ ਹੱਥ ਦੀਆਂ ਉਂਗਲੀਆਂ ਕੱਟ ਦਿੱਤੀਆਂ। ਹਰਦੀਪ ਡਰ ਕਾਰਨ ਹੱਥ ਨੂੰ ਧਰਤੀ ’ਤੇ ਨਹੀਂ ਰੱਖ ਰਿਹਾ ਸੀ ਤਾਂ ਇਕ ਮੁਲਜ਼ਮ ਨੇ ਤਲਵਾਰ ਦਿਖਾਉਂਦੇ ਧਮਕੀ ਦਿੱਤੀ ਕਿ ਹੱਥ ਹੇਠਾਂ ਨਹੀਂ ਰੱਖੇਗਾ ਤਾਂ ਹੱਥ ਦੀ ਜਗ੍ਹਾ ਗਰਦਨ ’ਤੇ ਹੀ ਵਾਰ ਕਰ ਦੇਵੇਗਾ। ਇਸ ਤੋਂ ਬਾਅਦ ਡਰ ਦੇ ਮਾਰੇ ਜਬਰਨ ਹੱਥ ਧਰਤੀ ’ਤੇ ਰਖਵਾਇਆ ਗਿਆ ਅਤੇ ਤਲਵਾਰ ਨਾਲ ਕਈ ਵਾਰ ਕਰ ਕੇ ਹੱਥ ਦੀਆਂ 4 ਉਂਗਲੀਆਂ ਕੱਟ ਕੇ ਹੱਥ ਤੋਂ ਵੱਖ ਕਰ ਦਿੱਤੀਆਂ। 

Add a Comment

Your email address will not be published. Required fields are marked *