ਅਸਾਮ ਪੁਲੀਸ ਵੱਲੋਂ ਕਾਂਗਰਸੀ ਆਗੂ ਪਵਨ ਖੇੜਾ ਗ੍ਰਿਫ਼ਤਾਰ

ਨਵੀਂ ਦਿੱਲੀ/ਗੁਹਾਟੀ, 23 ਫਰਵਰੀ-: ਅਸਾਮ ਪੁਲੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਖਿਲਾਫ਼ ਕਥਿਤ ‘ਅਪਮਾਨਜਨਕ’ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਅੱਜ ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੂੰ ਗ੍ਰਿਫ਼ਤਾਰ ਕਰ ਲਿਆ। ਦਿੱਲੀ ਪੁਲੀਸ ਦੀ ਮਦਦ ਨਾਲ ਕੀਤੀ ਇਸ ਕਾਰਵਾਈ ਦੌਰਾਨ ਖੇੜਾ ਨੂੰ ਦਿੱਲੀ ਤੋਂ ਰਾਏਪੁਰ ਜਾ ਰਹੀ ਇੰਡੀਗੋ ਦੀ ਉਡਾਣ ਤੋਂ ਹੇਠਾਂ ਉਤਾਰਿਆ ਗਿਆ ਤੇ ਮਗਰੋਂ ਪੁਲੀਸ ਨੇ ਕਾਂਗਰਸ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ। ਖੇੜਾ ਨਾਲ ਜਹਾਜ਼ ਵਿੱਚ ਮੌਜੂਦ ਕਾਂਗਰਸੀ ਆਗੂਆਂ ਨੇ ਰੋਸ ਵਜੋਂ ਹਵਾਈ ਪੱਟੀ ’ਤੇ ਹੀ ਧਰਨਾ ਦਿੱਤਾ। ਕਾਂਗਰਸ ਨੇ ਫੌਰੀ ਸੁਪਰੀਮ ਕੋਰਟ ਦਾ ਰੁਖ਼ ਕੀਤਾ, ਜਿੱਥੇ ਸਿਖਰਲੀ ਅਦਾਲਤ ਨੇ ਪਵਨ ਖੇੜਾ ਨੂੰ 28 ਫਰਵਰੀ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ, ਜਿਸ ਵਿੱਚ ਜਸਟਿਸ ਐੱਮ.ਆਰ.ਸ਼ਾਹ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ਵੀ ਸ਼ਾਮਲ ਸਨ, ਨੇ ਮਸਲੇ ਨੂੰ 27 ਫਰਵਰੀ ਲਈ ਸੂਚੀਬੱਧ ਕਰਦਿਆਂ ਕਿਹਾ, ‘‘ਅੰਤਰਿਮ ਜ਼ਮਾਨਤ ਸਬੰਧੀ ਉਪਰੋਕਤ ਹੁਕਮ ਮੰਗਲਵਾਰ (28 ਫਰਵਰੀ) ਤੱਕ ਅਮਲ ਵਿੱਚ ਰਹਿਣਗੇ। ਇਸ ਦੇ ਨਾਲ ਹੀ ਸਿਖਰਲੀ ਕੋਰਟ ਨੇ ਇਸ ਮਾਮਲੇ ਵਿੱਚ ਅਸਾਮ, ਲਖਨਊ ਤੇ ਵਾਰਾਨਸੀ ਵਿੱਚ ਦਰਜ ਵੱਖ ਵੱਖ ਐੱਫਆਈਆਰ’ਜ਼ ਨੂੰ ਇਕੱਠਿਆਂ ਕਰਨ ਦੀ ਮੰਗ ਕਰਦੀ ਖੇੜਾ ਦੀ ਪਟੀਸ਼ਨ ’ਤੇ ਅਸਾਮ ਤੇ ਯੂਪੀ ਸਰਕਾਰਾਂ ਤੋਂ ਜਵਾਬ ਮੰਗ ਲਿਆ ਹੈ। ਖੇੜਾ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿੱਤੀ ਕਿ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਬਾਰੇ ਕੀਤੀਆਂ ਆਪਣੀਆਂ ਟਿੱਪਣੀਆਂ ਲਈ ਉਸੇ ਦਿਨ ਮੁਆਫ਼ੀ ਮੰਗ ਲਈ ਸੀ ਤੇ ਐੱਫਆਈਆਰ ਵਿੱਚ ਕਾਂਗਰਸ ਆਗੂ ਖਿਲਾਫ਼ ਜਿਨ੍ਹਾਂ ਦੋਸ਼ਾਂ ਦਾ ਜ਼ਿਕਰ ਹੈ, ਉਸ ਵਿੱਚ ਗ੍ਰਿਫ਼ਤਾਰੀ ਦੀ ਲੋੜ ਨਹੀਂ ਹੁੰਦੀ। ਸਿੰਘਵੀ ਨੇ ਕਿਹਾ ਕਿ ਉਸ (ਖੇੜਾ) ਖਿਲਾਫ਼ ਵਰਤੇ ਸ਼ਬਦਾਂ ਦੀ ਚੋਣ ਤੇ ਲਾਈਆਂ ਧਾਰਾਵਾਂ ਕਥਿਤ ਅਪਰਾਧਾਂ ਨਾਲ ਮੇਲ ਨਹੀਂ ਖਾਂਦੀਆਂ। ਸਿੰਘਵੀ ਨੇ ਕਿਹਾ, ‘‘ਇਸ ਦਾ ਸਿੱਧੇ ਤੌਰ ’ਤੇ ਬੋਲਣ ਦੀ ਅਜ਼ਾਦੀ ’ਤੇ ਅਸਰ ਪਏਗਾ।’’ ਉਧਰ ਅਸਾਮ ਪੁਲੀਸ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭੱਟੀ ਨੇ ਪਵਨ ਖੇੜਾ ਵੱਲੋਂ ਕੀਤੀਆਂ ਕਥਿਤ ਟਿੱਪਣੀਆਂ ਦੀ ਆਡੀਓ-ਵੀਡੀਓ ਕਲਿੱਪ ਖੁੱਲ੍ਹੀ ਕੋਰਟ ਵਿੱਚ ਚਲਾਉਂਦਿਆਂ ਕਿਹਾ ਕਿ ਕਾਂਗਰਸ ਆਗੂ ਜਮਹੂਰੀ ਤਰੀਕੇ ਨਾਲ ਚੁਣੇ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ਼ ਅਜਿਹੇ ‘ਅਪਮਾਨਜਨਕ ਸ਼ਬਦਾਂ’ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।

Add a Comment

Your email address will not be published. Required fields are marked *