ਮਾਸਟਰਕਾਰਡ ਦੇ ਸਾਬਕਾ CEO ਅਜੇ ਬੰਗਾ ਹੋਣਗੇ World Bank ਦੇ ਨਵੇਂ ਮੁਖੀ

 ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਭਾਰਤੀ-ਅਮਰੀਕੀ ਕਾਰੋਬਾਰੀ ਅਜੇ ਬੰਗਾ ਨੂੰ ਨਾਮਜ਼ਦ ਕਰ ਰਿਹਾ ਹੈ। ਰਾਸ਼ਟਰਪਤੀ ਬਾਈਡੇਨ ਨੇ ਬਿਆਨ ‘ਚ ਕਿਹਾ, ”ਅਜੇ ਇਤਿਹਾਸ ਦੇ ਇਸ ਮਹੱਤਵਪੂਰਨ ਪਲ ‘ਚ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਵਿਲੱਖਣ ਤੌਰ ‘ਤੇ ਢੁੱਕਵਾਂ ਹੈ।” 63 ਸਾਲਾ ਬੰਗਾ ਇਸ ਸਮੇਂ ਜਨਰਲ ਐਟਲਾਂਟਿਕ ‘ਚ ਉਪ ਚੇਅਰਮੈਨ ਹਨ। ਅਜੇ ਬੰਗਾ ਭਾਰਤ ‘ਚ ਪੈਦਾ ਹੋਏ ਅਜਿਹੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੁਖੀ ਲਈ ਨਾਮਜ਼ਦ ਕੀਤਾ ਗਿਆ ਹੈ।

ਹੁਣ ਤੱਕ ਡੇਵਿਡ ਮਾਲਪਾਸ ਵਿਸ਼ਵ ਬੈਂਕ ਦੇ ਚੋਟੀ ਦੇ ਅਹੁਦੇ ‘ਤੇ ਸਨ। ਪਿਛਲੇ ਹਫਤੇ ਡੇਵਿਡ ਮਾਲਪਾਸ ਨੇ ਚੀਫ਼ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਮਈ ਦੇ ਸ਼ੁਰੂ ਵਿੱਚ ਡੇਵਿਡ ਮਾਲਪਾਸ ਦੀ ਜਗ੍ਹਾ ਇਕ ਨਵਾਂ ਪ੍ਰਧਾਨ ਚੁਣ ਸਕਦਾ ਹੈ। ਵਿਸ਼ਵ ਬੈਂਕ 189 ਦੇਸ਼ਾਂ ਦੀ ਅਗਵਾਈ ਕਰਦਾ ਹੈ, ਜਿਨ੍ਹਾਂ ਦਾ ਟੀਚਾ ਗਰੀਬੀ ਨੂੰ ਖਤਮ ਕਰਨਾ ਹੈ।

ਇਸ ਤੋਂ ਪਹਿਲਾਂ ਅਜੇ ਬੰਗਾ ਮਾਸਟਰਕਾਰਡ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਨ। ਬਾਈਡੇਨ ਨੇ ਕਿਹਾ, “ਅਜੇ ਨੇ 3 ਦਹਾਕਿਆਂ ਤੋਂ ਵੱਧ ਸਮਾਂ ਸਫਲ, ਗਲੋਬਲ ਕੰਪਨੀਆਂ ਦੇ ਨਿਰਮਾਣ ਅਤੇ ਪ੍ਰਬੰਧਨ ਵਿੱਚ ਬਿਤਾਇਆ ਹੈ। ਇਹ ਉਹ ਕੰਪਨੀਆਂ ਹਨ ਜੋ ਨੌਕਰੀਆਂ ਪੈਦਾ ਕਰਦੀਆਂ ਹਨ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਵਿੱਚ ਨਿਵੇਸ਼ ਲਿਆਉਂਦੀਆਂ ਹਨ।” ਉਨ੍ਹਾਂ ਕਿਹਾ, ”ਉਨ੍ਹਾਂ ਕੋਲ ਲੋਕਾਂ ਅਤੇ ਪ੍ਰਣਾਲੀਆਂ ਦਾ ਪ੍ਰਬੰਧਨ ਕਰਨ ਦੀ ਸਮਰੱਥਾ ਹੈ ਅਤੇ ਨਤੀਜੇ ਦੇਣ ਲਈ ਵਿਸ਼ਵ ਭਰ ਦੇ ਨੇਤਾਵਾਂ ਨਾਲ ਸਾਂਝੇਦਾਰੀ ਕਰਨ ਦੀ ਸਮਰੱਥਾ ਹੈ।” ਬੰਗਾ ਨੂੰ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

Add a Comment

Your email address will not be published. Required fields are marked *