ਰੂਸ ਦੀ ਤਬਾਹੀ ਚਾਹੁੰਦੇ ਨੇ ਪੱਛਮੀ ਦੇਸ਼: ਪੂਤਿਨ

ਮਾਸਕੋ, 21 ਫਰਵਰੀ-:ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੱਛਮੀ ਮੁਲਕਾਂ ’ਤੇ ਯੂਕਰੇਨ ਵਿਚ ਜੰਗ ਭੜਕਾਉਣ ਤੇ ਇਸ ਨੂੰ ਕਾਇਮ ਰੱਖਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮਾਸਕੋ ਉਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਹਮਲੇ ਨੂੰ ਕਰੀਬ ਇਕ ਸਾਲ ਹੋ ਗਿਆ ਹੈ ਤੇ ਹੁਣ ਤੱਕ ਲੱਖਾਂ ਲੋਕ ਮਾਰੇ ਗਏ ਹਨ। ਲੰਮੇ ਸਮੇਂ ਬਾਅਦ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਪੂਤਿਨ ਨੇ ਕਿਹਾ ਕਿ ਰੂਸ ਤੇ ਯੂਕਰੇਨ, ਪੱਛਮ ਦੀ ਦੋਗਲੀ ਨੀਤੀ ਦੇ ਪੀੜਤ ਹਨ, ਅਤੇ ਯੂਕਰੇਨ ਨਹੀਂ ਬਲਕਿ ਰੂਸ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਪੂਤਿਨ ਨੇ ਕਿਹਾ, ‘ਅਸੀਂ ਯੂਕਰੇਨੀ ਲੋਕਾਂ ਨਾਲ ਨਹੀਂ ਲੜ ਰਹੇ। ਯੂਕਰੇਨ ਨੂੰ ਕੀਵ ਦੇ ਸ਼ਾਸਨ ਤੇ ਇਸ ਦੇ ਪੱਛਮੀ ਮਾਲਕਾਂ ਨੇ ਬੰਧਕ ਬਣਾ ਲਿਆ ਹੈ, ਜਿਨ੍ਹਾਂ ਅਸਰਦਾਰ ਢੰਗ ਨਾਲ ਮੁਲਕ ਉਤੇ ਕਬਜ਼ਾ ਕਰ ਲਿਆ ਹੈ।’ ਦੱਸਣਯੋਗ ਹੈ ਕਿ ਪੂਤਿਨ ਸ਼ੁਰੂ ਤੋਂ ਹੀ ਕਈ ਸ਼ਿਕਾਇਤਾਂ ਕਰ ਕੇ ਜੰਗ ਨੂੰ ਜਾਇਜ਼ ਠਹਿਰਾਉਂਦੇ ਆ ਰਹੇ ਹਨ, ਤੇ ਤਿੱਖੀ ਕੌਮਾਂਤਰੀ ਆਲੋਚਨਾ ਦੇ ਬਾਵਜੂਦ ਉਨ੍ਹਾਂ ਯੂਕਰੇਨ ਵਿਚੋਂ ਫ਼ੌਜ ਬਾਹਰ ਨਹੀਂ ਕੱਢੀ ਹੈ। ਰੂਸੀ ਆਗੂ ਨੇ ਉਨ੍ਹਾਂ ਯੂਕਰੇਨੀ ਖੇਤਰ ’ਚੋਂ ਫ਼ੌਜ ਨਾ ਕੱਢਣ ਦਾ ਅਹਿਦ ਕੀਤਾ ਹੈ ਜਿਨ੍ਹਾਂ ਦਾ ਰੂਸ ਨੇ ਗੈਰਕਾਨੂੰਨੀ ਢੰਗ ਨਾਲ ਰਲੇਵਾਂ ਕਰ ਲਿਆ ਸੀ। ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਸ਼ਾਂਤੀ ਸਮਝੌਤੇ ਦਾ ਸੰਕੇਤ ਨਹੀਂ ਦਿੱਤਾ ਜਿਸ ਨਾਲ ਠੰਢੀ ਜੰਗ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਗਈ ਹੈ। ਪੂਤਿਨ ਨੇ ਕਿਹਾ, ‘ਪੱਛਮੀ ਤਾਕਤਾਂ ਆਪਣੇ ਮੰਤਵ ਜ਼ਾਹਿਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀਆਂ, ਜਿਨ੍ਹਾਂ ਵਿਚ ਰੂਸ ’ਤੇ ਰਣਨੀਤਕ ਹਾਰ ਨੂੰ ਥੋਪਣਾ ਸ਼ਾਮਲ ਹੈ। ਉਹ ਇਕ ਸਥਾਨਕ ਟਕਰਾਅ ਨੂੰ ਆਲਮੀ ਲੜਾਈ ਵਿਚ ਬਦਲਣ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਰੂਸ ਜਵਾਬ ਦੇਣ ਲਈ ਤਿਆਰ ਹੈ ਕਿਉਂਕਿ ਇਹ ਸਾਡੇ ਮੁਲਕ ਦੀ ਹੋਂਦ ਦਾ ਮੁੱਦਾ ਹੈ।’ ਪੂਤਿਨ ਨੇ ਨਾਲ ਹੀ ਕਿਹਾ, ‘ਉਨ੍ਹਾਂ ਨੇ ਜੰਗ ਛੇੜੀ ਸੀ ਤੇ ਅਸੀਂ ਇਸ ਨੂੰ ਤਾਕਤ ਦਾ ਇਸਤੇਮਾਲ ਕਰ ਕੇ ਖ਼ਤਮ ਕਰ ਰਹੇ ਹਾਂ।’ ਰੂਸੀ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਪੱਛਮੀ ਮੁਲਕ ‘ਸੂਚਨਾਵਾਂ ਦੀ ਜੰਗ’ ਛੇੜ ਕੇ ਰੂਸ ਦੇ ਸਭਿਆਚਾਰ, ਧਰਮ ਤੇ ਕਦਰਾਂ-ਕੀਮਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ‘ਰੂਸ ਨੂੰ ਜੰਗ ਦੇ ਮੈਦਾਨ ਵਿਚ ਤਾਂ ਹਰਾਇਆ ਨਹੀਂ ਜਾ ਸਕਦਾ।’ ਉਨ੍ਹਾਂ ਨਾਲ ਹੀ ਇਲਜ਼ਾਮ ਲਾਇਆ ਕਿ ਪੱਛਮੀ ਮੁਲਕ ਪਾਬੰਦੀਆਂ ਨਾਲ ਰੂਸ ਦੀ ਆਰਥਿਕਤਾ ਉਤੇ ਹੱਲਾ ਬੋਲ ਰਹੇ ਹਨ, ਪਰ ਉਨ੍ਹਾਂ ਹੱਥ ਕੁਝ ਨਹੀਂ ਲੱਗਿਆ ਤੇ ਨਾ ਲੱਗੇਗਾ।

Add a Comment

Your email address will not be published. Required fields are marked *