T20 Women’s World Cup: ਭਾਰਤ ਸੈਮੀਫਾਈਨਲ ‘ਚ, DLS ਰਾਹੀਂ 5 ਦੌੜਾਂ ਨਾਲ ਜਿੱਤ ਕੀਤੀ ਦਰਜ

ਗਕਬੇਹਰਾ : ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਹਮਲਾਵਰ ਅਰਧ ਸੈਂਕੜੇ ਦੇ ਦਮ ’ਤੇ ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-2 ਦੇ ਮੀਂਹ ਪ੍ਰਭਾਵਿਤ ਆਪਣੇ ਆਖਰੀ ਲੀਗ ਮੁਕਾਬਲੇ ਵਿਚ ਸੋਮਵਾਰ ਨੂੰ ਇੱਥੇ ਆਇਰਲੈਂਡ ਨੂੰ ਡਕਵਰਥ ਲੂਈਸ ਨਿਯਮ ਤਹਿਤ 5 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 4 ਮੈਚਾਂ ਵਿਚ 6 ਅੰਕਾਂ ਨਾਲ ਸੈਮੀਫਾਈਨਲ ਦੀ ਟਿਕਟ ਪੱਕੀ ਕਰ ਲਈ। ਇਸ ਗਰੁੱਪ ’ਚੋਂ ਇੰਗਲੈਂਡ ਨੇ ਪਹਿਲਾਂ ਹੀ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਤੈਅ ਕਰ ਲਈ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਇਸ ਸਵਰੂਪ ਦੀ ਸਰਵਸ੍ਰੇਸ਼ਠ 87 ਦੌੜਾਂ ਦੀ ਤਾਬੜਤੋੜ ਪਾਰੀ ਨਾਲ ਭਾਰਤ ਨੇ 6 ਵਿਕਟਾਂ ’ਤੇ 155 ਦੌੜਾਂ ਦਾ ਮੁਕਾਬਲੇਬਾਜ਼ੀ ਸਕੋਰ ਖੜ੍ਹਾ ਕਰਨ ਤੋਂ ਬਾਅਦ ਮੀਂਹ ਦੇ ਕਾਰਨ ਖੇਡ ਰੋਕੇ ਜਾਣ ਦੇ ਸਮੇਂ ਆਇਰਲੈਂਡ ਨੂੰ 8.2 ਓਵਰਾਂ ਵਿਚ 2 ਵਿਕਟਾਂ ’ਤੇ 54 ਦੌੜਾਂ ’ਤੇ ਰੋਕ ਦਿੱਤਾ। ਭਾਰਤੀ ਟੀਮ ਲਗਾਤਾਰ ਤੀਜੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚੀ ਹੈ। ਟੀਮ ਪਿਛਲੀ ਵਾਰ 2020 ਵਿਚ ਉਪ ਜੇਤੂ ਰਹੀ ਸੀ।

ਟੀਚੇ ਦਾ ਪਿੱਛਾ ਕਰਦੇ ਸਮੇਂ ਆਇਰਲੈਂਡ ਨੇ ਪਹਿਲੇ ਓਵਰ ਵਿਚ ਹੀ ਦੋ ਵਿਕਟਾਂ ਗੁਆ ਦਿੱਤੀਆਂ। ਐਮੀ ਹੰਟਰ ਜੇਮਿਮਾ ਰੋਡ੍ਰਿਗੇਜ਼ ਦੀ ਸ਼ਾਨਦਾਰ ਫੀਲਡਿੰਗ ਅਤੇ ਥ੍ਰੋਅ ’ਤੇ ਰਨ ਆਊਟ ਹੋਈ ਤਾਂ ਉੱਥੇ ਹੀ ਰੇਣੂਕਾ ਸਿੰਘ ਨੇ ਸ਼ਾਨਦਾਰ ਲੈਅ ਵਿਚ ਚੱਲ ਰਹੀ ਓਰਲੀ ਪ੍ਰੈਂਡਰਗੈਸਟ ਨੂੰ ਖਾਤਾ ਖੋਲ੍ਹੇ ਬਿਨਾਂ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਗੈਬੀ ਲੇਵਿਸ (ਅਜੇਤੂ 32) ਤੇ ਕਪਤਾਨ ਲੌਰਾ ਡੀਲੈਨੀ (ਅਜੇਤੂ 17) ਨੇ ਤੀਜੀ ਵਿਕਟ ਲਈ 45 ਗੇਂਦਾਂ ਵਿਚ 53 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ਵਿਚ ਆਇਰਲੈਂਡ ਦੀ ਵਾਪਸੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਕੋਸ਼ਿਸ਼ ’ਤੇ ਹਾਲਾਂਕਿ ਮੀਂਹ ਨੇ ਪਾਣੀ ਫੇਰ ਦਿੱਤਾ।

ਇਸ ਤੋਂ ਪਹਿਲਾਂ ਖੱਬੇ ਹੱਥ ਦੀ ਬੱਲੇਬਾਜ਼ ਮੰਧਾਨਾ ਨੇ 56 ਗੇਂਦਾਂ ਦੀ ਹਮਲਵਾਰ ਪਾਰੀ ਵਿਚ 9 ਚੌਕੇ ਤੇ 3 ਛੱਕੇ ਲਾਏ। ਉਸ ਨੇ ਸ਼ੈਫਾਲੀ ਵਰਮਾ (24) ਨਾਲ ਪਹਿਲੀ ਵਿਕਟ ਲਈ 62 ਦੌੜਾਂ ਤੇ ਕਪਤਾਨ ਹਰਮਨਪ੍ਰੀਤ ਕੌਰ (13) ਦੇ ਨਾਲ ਦੂਜੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਬੱਲੇਬਾਜ਼ੀ ਲਈ ਮੁਸ਼ਕਿਲ ਪਿੱਚ ’ਤੇ ਸ਼ੈਫਾਲੀ ਤੇ ਹਰਮਨਪ੍ਰੀਤ ਦੌੜਾਂ ਬਣਾਉਣ ਲਈ ਸੰਘਰਸ਼ ਕਰਦੀਅਾਂ ਦਿਸੀਅਾਂ ਪਰ ਸਮ੍ਰਿਤੀ ’ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਸ਼ੈਫਾਲੀ ਨੇ 29 ਗੇਂਦਾਂ ਦੀ ਪਾਰੀ ਵਿਚ 3 ਚੌਕੇ ਲਾਏ ਜਦਕਿ ਹਰਮਨਪ੍ਰੀਤ 20 ਗੇਂਦਾਂ ਦੀ ਪਾਰੀ ਵਿਚ ਇਕ ਵੀ ਚੌਕਾ ਲਗਾਉਣ ਵਿਚ ਕਾਮਯਾਬ ਨਹੀਂ ਹੋ ਸਕੀ।

Add a Comment

Your email address will not be published. Required fields are marked *