ਜੈਸ਼ੰਕਰ ਨੂੰ ਪੱਤਰ ਲਿਖ ਕੇ ਮਹਿਬੂਬਾ ਨੇ ਪਾਸਪੋਰਟ ਜਾਰੀ ਕਰਨ ਦੀ ਕੀਤੀ ਮੰਗ

ਜੰਮੂ, 20 ਫਰਵਰੀ-: ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਪਾਸਪੋਰਟ ਜਾਰੀ ਕਰਾਉਣ ’ਚ ਕੇਂਦਰੀ ਮੰਤਰੀ ਦਾ ਦਖ਼ਲ ਮੰਗਿਆ ਹੈ। ਮਹਿਬੂਬਾ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਪਾਸਪੋਰਟ ਉਡੀਕ ਰਹੀ ਹੈ ਤਾਂ ਕਿ ਆਪਣੀ 80 ਸਾਲਾ ਮਾਂ ਨੂੰ ਮੱਕਾ ਦੀ ਯਾਤਰਾ ਲਈ ਲਿਜਾ ਸਕੇ।

ਮੰਤਰੀ ਨੂੰ ਲਿਖੇ ਪੱਤਰ ਵਿਚ ਮਹਿਬੂਬਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਪਾਸਪੋਰਟ ਨਵਿਆਉਣ ਲਈ ਕਈ ਸਾਲਾਂ ਤੋਂ ਲਟਕਿਆ ਹੋਇਆ ਹੈ ਕਿਉਂਕਿ ਜੰਮੂ ਕਸ਼ਮੀਰ ਦੀ ਸੀਆਈਡੀ ਨੇ ਉਨ੍ਹਾਂ ਬਾਰੇ ਮਾੜੀ ਰਿਪੋਰਟ ਦਿੱਤੀ ਸੀ। ਸੀਆਈਡੀ ਨੇ ਕਿਹਾ ਸੀ ਕਿ ਮਹਿਬੂਬਾ ਨੂੰ ਪਾਸਪੋਰਟ ਜਾਰੀ ਹੋਣ ਨਾਲ ਕੌਮੀ ਸੁਰੱਖਿਆ ’ਤੇ ਅਸਰ ਪਏਗਾ। ਮਹਿਬੂਬਾ ਨੇ ਆਪਣੀ ਧੀ ਇਲਤਿਜਾ ਨੂੰ ਪਾਸਪੋਰਟ ਜਾਰੀ ਕਰਨ ਵਿਚ ਕੀਤੀ ਜਾ ਰਹੀ ਦੇਰੀ ਉਤੇ ਵੀ ਸਵਾਲ ਉਠਾਇਆ ਹੈ। ਇਲਤਿਜਾ ਉੱਚ ਸਿੱਖਿਆ ਲਈ ਬਾਹਰ ਜਾਣਾ ਚਾਹੁੰਦੀ ਹੈ। ਮਹਿਬੂਬਾ ਨੇ ਪੱਤਰ ਵਿਚ ਕਿਹਾ, ‘ਮੈਂ ਤੇ ਮੇਰੀ ਮਾਂ (ਗੁਲਸ਼ਨ ਨਜ਼ੀਰ) ਨੇ ਮਾਰਚ 2020 ਵਿਚ ਪਾਸਪੋਰਟ ਨਵਿਆਉਣ ਲਈ ਅਰਜ਼ੀ ਦਿੱਤੀ ਸੀ।’

ਪੀਡੀਪੀ ਆਗੂ ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਜੰੰਮੂ ਕਸ਼ਮੀਰ ਵਿਚ ਇਹ ਹੁਣ ਰਿਵਾਜ਼ ਹੀ ਬਣ ਗਿਆ ਹੈ ਕਿ ਪੱਖਪਾਤੀ ਢੰਗ ਨਾਲ ਹਜ਼ਾਰਾਂ ਪਾਸਪੋਰਟ ਅਰਜ਼ੀਆਂ ਖਾਰਜ ਕੀਤੀਆਂ ਜਾਂਦੀਆਂ ਹਨ। ਪੱਤਰਕਾਰਾਂ, ਵਿਦਿਆਰਥੀਆਂ ਤੇ ਹੋਰਾਂ ਦੀਆਂ ਅਰਜ਼ੀਆਂ ਕੌਮੀ ਹਿੱਤਾਂ ਦਾ ਬਹਾਨਾ ਬਣਾ ਕੇ ਮੋੜ ਦਿੱਤੀਆਂ ਜਾਂਦੀਆਂ ਹਨ।’

ਮਹਿਬੂਬਾ ਨੇ ਕਿਹਾ ਕਿ ਉਹ ਮਸਲਾ ਹੱਲ ਨਾ ਹੋਣ ’ਤੇ ਤਿੰਨ ਸਾਲਾਂ ਬਾਅਦ ਹਾਈ ਕੋਰਟ ਗਏ ਸਨ। ਅਦਾਲਤ ਨੇ ਸ੍ਰੀਨਗਰ ਦੇ ਖੇਤਰੀ ਪਾਸਪੋਰਟ ਦਫ਼ਤਰ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਸਨ ਕਿ ਉਨ੍ਹਾਂ ਨੂੰ ਅਸਪੱਸ਼ਟ ਅਧਾਰ ਉਤੇ ਪਾਸਪੋਰਟ ਅਰਜ਼ੀ ਠੁਕਰਾ ਕੇ ਸੀਆਈਡੀ ਦੀ ‘ਬੋਲੀ ਨਹੀਂ ਬੋਲਣੀ ਚਾਹੀਦੀ’।

ਮਹਿਬੂਬਾ ਨੇ ਕਿਹਾ ਕਿ ਉਹ ਪਾਸਪੋਰਟ ਅਥਾਰਿਟੀ ਆਫ ਇੰਡੀਆ ਕੋਲ ਵੀ 2021 ਤੋਂ ਬਾਅਦ ਕਈ ਵਾਰ ਪਹੁੰਚ ਕਰ ਚੁੱਕੇ ਹਨ। ਪਰ ਹਾਲੇ ਤੱਕ ਕੋਈ ਸਕਾਰਾਤਮਕ ਹੁੰਗਾਰਾ ਨਹੀਂ ਭਰਿਆ ਗਿਆ। ਮਹਿਬੂਬਾ ਨੇ ਕਿਹਾ, ‘ਮੈਨੂੰ ਪਾਸਪੋਰਟ ਜਾਰੀ ਕਰਨ ਵਿਚ ਜਾਣਬੁੱਝ ਕੇ ਕੀਤੀ ਜਾ ਰਹੀ ਹੱਦੋਂ ਵੱਧ ਦੇਰੀ ਮੇਰੇ ਬੁਨਿਆਦੀ ਹੱਕਾਂ ਦੀ ਉਲੰਘਣਾ ਹੈ।’ ਮੁਫ਼ਤੀ ਨੇ ਨਾਲ ਹੀ ਕਿਹਾ, ‘ਸਾਡੇ ਵਰਗੇ ਲੋਕਤੰਤਰ ਵਿਚ ਜੇ ਮੇਰੇ ਬੁਨਿਆਦੀ ਹੱਕਾਂ ਨੂੰ ਇਸ ਤਰ੍ਹਾਂ ਦਬਾਇਆ ਜਾ ਸਕਦਾ ਹੈ, ਤਾਂ ਆਮ ਕਸ਼ਮੀਰੀ ਕਿਸ ਹਾਲਾਤ ਵਿਚੋਂ ਲੰਘਦਾ ਹੋਵੇਗਾ, ਅੰਦਾਜ਼ਾ ਲਾਉਣਾ ਮੁਸ਼ਕਲ ਹੈ।’

ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿਚ ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਰਕਾਰ ਇਸ ਮਾਮਲੇ ’ਤੇ ਤੁਰੰਤ ਧਿਆਨ ਦੇਵੇਗੀ।

ਦੱਸਣਯੋਗ ਹੈ ਕਿ ਪਾਸਪੋਰਟ ਜਾਰੀ ਕਰਾਉਣ ਲਈ ਇਲਤਿਜਾ ਨੇ ਵੀ ਪਿਛਲੇ ਹਫ਼ਤੇ ਹਾਈ ਕੋਰਟ ਵਿਚ ਪਟੀਸ਼ਨ ਪਾਈ ਹੈ। ਇਸੇ ਦੌਰਾਨ ਮਹਿਬੂਬਾ ਨੇ ਅੱਜ ਜੰਮੂ ਦੇ ਪ੍ਰਸਿੱਧ ਰਘੂਨਾਥ ਬਾਜ਼ਾਰ ਦਾ ਦੌਰਾ ਕੀਤਾ ਤੇ ਵਪਾਰੀਆਂ ਨਾਲ ਮੁਲਾਕਾਤ ਕੀਤੀ।

Add a Comment

Your email address will not be published. Required fields are marked *