ਪੰਜਾਬ ਵਿੱਚ ਧੇਲੇ ਦਾ ਵੀ ਨਹੀਂ ਹੋਵੇਗਾ ਪੂੰਜੀ ਨਿਵੇਸ਼: ਵੜਿੰਗ

ਜਲੰਧਰ, 18 ਫਰਵਰੀ-: ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਪੂੰਜੀ ਲਗਾਉਣ ਲਈ ਕੋਈ ਨਵਾਂ ਨਿਵੇਸ਼ਕ ਨਹੀਂ ਆਵੇਗਾ ਕਿਉਂਕਿ ਪੰਜਾਬ ਦੇ ਜੋ ਹਾਲਾਤ ਹਨ ਉਸ ਤੋਂ ਵਪਾਰੀ ਵਰਗ ਡਰਿਆ ਹੋਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ 23 ਅਤੇ 24 ਫਰਵਰੀ ਨੂੰ ਇਨਵੈਸਟਮੈਂਟ ਪੰਜਾਬ ਸੰਮੇਲਨ ਕਰਵਾ ਕੇ ਸੂਬੇ ਦੇ ਲੋਕਾਂ ਦਾ ਪੈਸਾ ਹੀ ਬਰਬਾਦ ਕਰੇਗੀ ਕਿਉਂਕਿ ਕੋਈ ਵੀ ਕਾਰੋਬਾਰੀ ਨਕੋਦਰ ਵਿੱਚ ਕੱਪੜਾ ਵਪਾਰੀ ਨੂੰ ਸ਼ਰ੍ਹੇਆਮ ਗੋਲੀਆਂ ਮਾਰੇ ਜਾਣ ਤੋਂ ਬਾਅਦ ਇੱਥੇ ਪੈਸਾ ਖਰਚਣ ਲਈ ਤਿਆਰ ਨਹੀਂ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅੱਜ ਕਾਂਗਰਸ ਭਵਨ ਵਿੱਚ ਦੋਆਬੇ ਦੀ ਹਾਥ ਸੇ ਹਾਥ ਜੋੜੋ ਮੁਹਿੰਮ ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਗੋਲੀਆਂ ਚੱਲ ਰਹੀਆਂ ਹਨ ਜਿਸ ਕਾਰਨ ਡਰ ਤੇ ਸਹਿਮ ਦਾ ਮਾਹੌਲ ਹੈ। ਇਸ ਕਾਰਨ ਪੰਜਾਬ ਦੇ ਵਪਾਰੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਕਾਰੋਬਾਰੀਆਂ ਦੀ ਰਾਤਾਂ ਦੀ ਨੀਂਦ ਉਡ ਗਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਵਪਾਰੀ ਵਰਗ ਇਸ ਕਦਰ ਡਰ ਗਿਆ ਹੈ ਕਿ ਉਹ ਇਸ ਕਰਕੇ ਅਣਜਾਣ ਨੰਬਰ ਦਾ ਫੋਨ ਨਹੀਂ ਚੁੱਕ ਰਿਹਾ ਕਿ ਕੋਈ ਰੰਗਦਾਰੀ ਲਈ ਫੋਨ ਨਾ ਆ ਜਾਵੇ।

ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਸਰਕਾਰ ਦੱਸ ਸਕਦੀ ਹੈ ਕਿ ਜਿਹੜੇ ਕਾਰੋਬਾਰੀ ਆਪਣਾ ਕਾਰੋਬਾਰ ਉੱਤਰ ਪ੍ਰਦੇਸ਼ ਲਿਜਾਣ ਲਈ ਉਥੋਂ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੂੰ ਮਿਲ ਕੇ ਆਏ ਸਨ, ਕੀ ਉਨ੍ਹਾਂ ਵਪਾਰੀਆਂ ਨੂੰ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਜਾ ਕੇ ਮਿਲਿਆ ਹੈ ਕਿ ਉਹ ਪੰਜਾਬ ਵਿਚਲਾ ਕਾਰੋਬਾਰ ਛੱਡ ਕੇ ਕਿਉਂ ਜਾ ਰਹੇ ਹਨ। ਰਾਣਾ ਗੁਰਜੀਤ ਸਿੰਘ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਅਫਵਾਹਾਂ ਬਾਰੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਦੇ ਸਿਪਾਹੀ ਹਨ ਤੇ ਸਦਾ ਕਾਂਗਰਸ ਵਿਚ ਹੀ ਰਹਿ ਕੇ ਕੰਮ ਕਰਨਗੇ।   

Add a Comment

Your email address will not be published. Required fields are marked *