ਆਇਰਿਸ਼ ਸਿੱਖ ਕਾਰਕੁਨ ਯੁੱਧ ਪ੍ਰਭਾਵਿਤ ਯੂਕ੍ਰੇਨ ਲਈ ਲਗਾਉਣਗੇ 10,000 ਰੁੱਖ

ਲੰਡਨ – ਸਿੱਖ ਵਾਤਾਵਰਨ ਕਾਰਕੁਨ ਜੰਗ ਨਾਲ ਤਬਾਹ ਹੋਏ ਯੂਕ੍ਰੇਨ ਦੇ ਲੋਕਾਂ ਅਤੇ ਦੁਨੀਆ ਭਰ ਦੇ ਸ਼ਰਨਾਰਥੀਆਂ ਦਾ ਸਨਮਾਨ ਕਰਨ ਲਈ ਆਇਰਲੈਂਡ ਵਿੱਚ ਜੰਗਲ ਲਗਾਉਣ ਦੇ ਮਿਸ਼ਨ ’ਤੇ ਹਨ। ਡਬਲਿਨ ਲਾਈਵ ਦੀ ਰਿਪੋਰਟ ਮੁਤਾਬਕ ਇੱਕ ਸਾਂਝੇ ਯਤਨ ਵਿੱਚ ਈਕੋਸਿੱਖ ਆਇਰਲੈਂਡ ਅਤੇ ਰੀਫੋਰੈਸਟ ਨੇਸ਼ਨ ਦੇ ਕਾਰਕੁਨ ਇੱਕ ਆਇਰਲੈਂਡ-ਅਧਾਰਤ ਰੁੱਖ ਲਗਾਉਣ ਦੀ ਲਹਿਰ ਤਹਿਤ ਗ੍ਰੇਸਟੋਨਜ਼, ਵਿੱਕਲੋ ਕਾਉਂਟੀ ਵਿੱਚ 10,000 ਬੂਟੇ ਲਗਾਉਣਗੇ।

ਆਇਰਲੈਂਡ ਵਿੱਚ ਸ਼ਰਨਾਰਥੀ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਸ਼ਨੀਵਾਰ (18 ਫਰਵਰੀ) ਤੋਂ ਹਫ਼ਤੇ ਭਰ ਚੱਲਣ ਵਾਲੇ ਰੁੱਖ ਲਗਾਉਣ ਦੇ ਸਮਾਗਮ ਸ਼ੁਰੂ ਹੋਣਗੇ। ਈਕੋਸਿੱਖ ਆਇਰਲੈਂਡ ਦੇ ਪ੍ਰੋਜੈਕਟ ਮੈਨੇਜਰ ਸਤਵਿੰਦਰ ਸਿੰਘ ਨੇ ਡਬਲਿਨ ਲਾਈਵ ਨੂੰ ਦੱਸਿਆ ਕਿ “ਅਸੀਂ ਉਮੀਦ ਕਰਦੇ ਹਾਂ ਕਿ ਤਾਜ਼ੀ ਹਵਾ ਵਿੱਚ ਰੁੱਖ ਲਗਾਉਣਾ ਉਹਨਾਂ ਲੋਕਾਂ ਲਈ ਇੱਕ ਸਕਰਾਤਮਕ ਅਨੁਭਵ ਹੋਵੇਗਾ, ਜਿਹੜੇ ਆਪਣੀ ਜ਼ਿੰਦਗੀ ਵਿਚ ਪਰੇਸ਼ਾਨ ਹਨ।” ਉਸ ਨੇ ਅੱਗੇ ਕਿਹਾ ਕਿ “ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਇਹ ਸ਼ਰਨਾਰਥੀਆਂ ਅਤੇ ਪਨਾਹ ਮੰਗਣ ਵਾਲਿਆਂ ਨੂੰ ਕਮਿਊਨਿਟੀ ਦਾ ਹਿੱਸਾ ਮਹਿਸੂਸ ਕਰਨ ਅਤੇ ਜ਼ਮੀਨ ਨਾਲ ਜੁੜੇ ਮਹਿਸੂਸ ਕਰਨ ਵਿੱਚ ਮਦਦ ਕਰੇਗਾ, ਜਿਸਨੂੰ ਬਹੁਤ ਸਾਰੇ ਲੋਕ ਹੁਣ ਘਰ ਕਹਿੰਦੇ ਹਨ,”।

ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਜੰਗਲ ਵਿੱਚ ਓਕ, ਵਿਲੋ, ਹੇਜ਼ਲ ਅਤੇ ਚੈਰੀ ਸਮੇਤ ਦੇਸੀ ਰੁੱਖਾਂ ਦੀਆਂ 17 ਕਿਸਮਾਂ ਸ਼ਾਮਲ ਹੋਣਗੀਆਂ। ਰੀਫੋਰੈਸਟ ਨੇਸ਼ਨ ਦੇ ਸੰਸਥਾਪਕ ਗੀਰੋਇਡ ਮੈਕ ਈਵੋਏ ਨੇ ਡਬਲਿਨ ਲਾਈਵ ਨੂੰ ਦੱਸਿਆ ਕਿ “ਅਸੀਂ ਕਿਸੇ ਵੀ ਵਿਅਕਤੀ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।” ਰੁੱਖ ਲਗਾਉਣ ਦੇ ਨਾਲ-ਨਾਲ ਇੱਕ ਫੰਡਰੇਜ਼ਰ ਵੀ ਆਯੋਜਿਤ ਕੀਤਾ ਜਾਵੇਗਾ, ਜੋ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਜੀਵਨ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਕਰਨ ਲਈ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਚੱਲ ਰਿਹਾ ਰੂਸ-ਯੂਕ੍ਰੇਨ ਯੁੱਧ, ਜੋ ਕਿ 24 ਫਰਵਰੀ ਨੂੰ ਇੱਕ ਸਾਲ ਪੂਰਾ ਕਰੇਗਾ, ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਭਿਆਨਕ ਸ਼ਰਨਾਰਥੀ ਸੰਕਟ ਪੈਦਾ ਕਰ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ 80 ਲੱਖ ਤੋਂ ਵੱਧ ਯੂਕ੍ਰੇਨੀਅਨ ਦੇਸ਼ ਛੱਡ ਕੇ ਭੱਜ ਗਏ ਹਨ ਅਤੇ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਖਿੱਲਰ ਗਏ ਹਨ।

Add a Comment

Your email address will not be published. Required fields are marked *