PM ਮੋਦੀ ਨੂੰ ਅਡਾਨੀ ਮਸਲੇ ’ਤੇ ਜਵਾਬ ਦੇਣਾ ਪਵੇਗਾ: ਸੋਰੋਸ

ਨਵੀਂ ਦਿੱਲੀ : ਅਰਬਪਤੀ ਸਮਾਜਸੇਵੀ ਜਾਰਜ ਸੋਰੋਸ ਦਾ ਮੰਨਣਾ ਹੈ ਕਿ ਗੌਤਮ ਅਡਾਨੀ ਦੇ ਕਾਰੋਬਾਰੀ ਸਾਮਰਾਜ ‘ਚ ਉਥਲ-ਪੁਥਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਪਕੜ ਕਮਜ਼ੋਰ ਹੋ ਸਕਦੀ ਹੈ। ਹਾਲਾਂਕਿ, ਭਾਜਪਾ ਨੇ ਸੋਰੋਸ ਦੇ ਇਸ ਬਿਆਨ ਨੂੰ ਭਾਰਤੀ ਲੋਕਤੰਤਰ ‘ਤੇ ਹਮਲਾ ਕਰਾਰ ਦਿੰਦਿਆਂ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਅਮਰੀਕਾ ਸਥਿਤ ਨਿਵੇਸ਼ ਖੋਜ ਕੰਪਨੀ ‘ਹਿੰਡਨਬਰਗ ਰਿਸਰਚ’ ਵੱਲੋਂ 24 ਜਨਵਰੀ ਨੂੰ ਜਾਰੀ ਕੀਤੀ ਗਈ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਰਿਪੋਰਟ ਵਿੱਚ ਲੇਖਾ-ਜੋਖਾ ਧੋਖਾਧੜੀ ਅਤੇ ਸ਼ੇਅਰਾਂ ‘ਚ ਧਾਂਦਲੀ ਦਾ ਦੋਸ਼ ਲਗਾਇਆ ਗਿਆ ਸੀ ਪਰ ਅਡਾਨੀ ਸਮੂਹ ਨੇ ਇਸ ਤੋਂ ਇਨਕਾਰ ਕਰਦਿਆਂ ਇਸ ਨੂੰ “ਦੁਰਭਾਵਨਾਪੂਰਨ”, “ਬੇਬੁਨਿਆਦ” ਅਤੇ “ਭਾਰਤ ਉੱਤੇ ਯੋਜਨਾਬੱਧ ਹਮਲਾ” ਕਿਹਾ।

ਵੀਰਵਾਰ ਨੂੰ ਮਿਊਨਿਖ ਸੁਰੱਖਿਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੋਰੋਸ ਨੇ ਕਿਹਾ ਕਿ ਮੋਦੀ ਨੂੰ ਅਡਾਨੀ ਸਮੂਹ ਦੇ ਦੋਸ਼ਾਂ ‘ਤੇ ਵਿਦੇਸ਼ੀ ਨਿਵੇਸ਼ਕਾਂ ਅਤੇ ਸੰਸਦ ਦੇ “ਸਵਾਲਾਂ ਦਾ ਜਵਾਬ” ਦੇਣਾ ਹੋਵੇਗਾ। ਉਨ੍ਹਾਂ ਦੇ ਭਾਸ਼ਣ ‘ਤੇ ਤਿੱਖੀ ਪ੍ਰਤੀਕਿਰਿਆਵਾਂ ਆਈਆਂ। ਸੱਤਾਧਾਰੀ ਭਾਜਪਾ ਨੇ ਕਿਹਾ ਕਿ ਸੋਰੋਸ ਨਾ ਸਿਰਫ਼ ਪ੍ਰਧਾਨ ਮੰਤਰੀ, ਸਗੋਂ ਭਾਰਤੀ ਲੋਕਤੰਤਰਿਕ ਪ੍ਰਣਾਲੀ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜੰਗ ਭਾਰਤ ਖ਼ਿਲਾਫ਼ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਮੋਦੀ ਇਸ ਜੰਗ ਤੇ ਭਾਰਤ ਦੇ ਹਿੱਤਾਂ ਵਿਚਾਲੇ ਖੜ੍ਹੇ ਹਨ। ਉਨ੍ਹਾਂ ਕਿਹਾ, ”ਹਰ ਕਿਸੇ ਨੂੰ ਇਕ ਆਵਾਜ਼ ‘ਚ ਉਨ੍ਹਾਂ ਦੀ ਟਿੱਪਣੀ ਦੀ ਨਿੰਦਾ ਕਰਨੀ ਚਾਹੀਦੀ ਹੈ।”

ਈਰਾਨੀ ਨੇ ਦੋਸ਼ ਲਾਇਆ ਕਿ ਸੋਰੋਸ ਭਾਰਤੀ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੇ ਹਨ ਅਤੇ ਸਰਕਾਰ ਨੂੰ ਕੁਝ “ਚੁਣੇ ਹੋਏ” ਲੋਕਾਂ ਦੁਆਰਾ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਲੋਕਤੰਤਰਿਕ ਪ੍ਰਣਾਲੀਆਂ ਵਿੱਚ ਦਖਲ ਦੇਣ ਲਈ ਇਕ ਅਰਬ ਡਾਲਰ ਤੋਂ ਵੱਧ ਦਾ ਫੰਡ ਬਣਾਇਆ ਹੈ। ਸੋਰੋਸ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਡਾਨੀ ਸਮੂਹ ‘ਚ ਗੜਬੜ ਦੇਸ਼ ਵਿੱਚ ਲੋਕਤੰਤਰਿਕ ਪੁਨਰ ਸੁਰਜੀਤੀ ਦਾ ਦਰਵਾਜ਼ਾ ਖੋਲ੍ਹ ਸਕਦੀ ਹੈ। ਉਨ੍ਹਾਂ ਦਾ ਲਗਭਗ 42 ਮਿੰਟ ਦਾ ਭਾਸ਼ਣ ਜਲਵਾਯੂ ਤਬਦੀਲੀ, ਰੂਸ-ਯੂਕ੍ਰੇਨ ਯੁੱਧ, ਅਮਰੀਕਾ ਦੀਆਂ ਸਮੱਸਿਆਵਾਂ, ਤੁਰਕੀ ਦੀ ਤਬਾਹੀ ਅਤੇ ਚੀਨ ਦੀਆਂ ਅਸਫਲਤਾਵਾਂ ‘ਤੇ ਕੇਂਦਰਿਤ ਸੀ। ਉਨ੍ਹਾਂ ਦਾਅਵਾ ਕੀਤਾ, ”ਮੋਦੀ ਅਤੇ ਕਾਰੋਬਾਰੀ ਦਿੱਗਜ ਅਡਾਨੀ ਨਜ਼ਦੀਕੀ ਸਹਿਯੋਗੀ ਹਨ ਅਤੇ ਉਨ੍ਹਾਂ ਦੇ ਹਿੱਤ ਆਪਸ ‘ਚ ਜੁੜੇ ਹੋਏ ਹਨ।

ਸੋਰੋਸ ਨੇ ਕਿਹਾ, “ਅਡਾਨੀ ਸਮੂਹ ‘ਤੇ ਸ਼ੇਅਰਾਂ ‘ਚ ਧੋਖਾਧੜੀ ਦਾ ਦੋਸ਼ ਹੈ ਅਤੇ ਉਸ ਦੀਆਂ ਕੰਪਨੀਆਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ ਹਨ। ਮੋਦੀ ਇਸ ਵਿਸ਼ੇ ‘ਤੇ ਚੁੱਪ ਹਨ ਪਰ ਉਨ੍ਹਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਅਤੇ ਸੰਸਦ ‘ਚ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ।” ਹਾਲਾਂਕਿ, ਉਨ੍ਹਾਂ ਨੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ, “ਇਸ ਨਾਲ ਭਾਰਤ ਦੀ ਕੇਂਦਰ ਸਰਕਾਰ ‘ਤੇ ਮੋਦੀ ਦਾ ਦਬਦਬਾ ਕਾਫੀ ਕਮਜ਼ੋਰ ਹੋ ਜਾਵੇਗਾ ਅਤੇ ਜ਼ਰੂਰੀ ਤੌਰ ‘ਤੇ ਹੋਰ ਸੰਸਥਾਗਤ ਸੁਧਾਰਾਂ ਨੂੰ ਅੱਗੇ ਵਧਾਉਣ ਦਾ ਦਰਵਾਜ਼ਾ ਖੁੱਲ੍ਹ ਜਾਵੇਗਾ।” ਸੋਰੋਸ ਨੇ ਕਿਹਾ, “ਮੈਂ ਬੇਸਮਝ ਹੋ ਸਕਦਾ ਹਾਂ ਪਰ ਮੈਨੂੰ ਭਾਰਤ ਵਿੱਚ ਲੋਕਤੰਤਰਿਕ ਪੁਨਰ ਸੁਰਜੀਤੀ ਦੀ ਉਮੀਦ ਨਜ਼ਰ ਆ ਰਹੀ ਹੈ।”

Add a Comment

Your email address will not be published. Required fields are marked *