ਪਾਕਿਸਤਾਨ : ਕਰਾਚੀ ਸ਼ਹਿਰ ‘ਚ ਪੁਲਸ ਮੁਖੀ ਦੇ ਦਫ਼ਤਰ ‘ਤੇ ਅੱਤਵਾਦੀ ਹਮਲਾ

ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਕਰਾਚੀ ‘ਚ ਸ਼ੁੱਕਰਵਾਰ ਨੂੰ ਅਣਪਛਾਤੇ ਹਥਿਆਰਬੰਦ ਅੱਤਵਾਦੀਆਂ ਨੇ ਪੁਲਸ ਮੁਖੀ ਦੇ ਦਫ਼ਤਰ ‘ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਅਤੇ ਹਮਲਾਵਰਾਂ ਵਿਚਾਲੇ ਹੋਈ ਭਿਆਨਕ ਗੋਲੀਬਾਰੀ ‘ਚ 3 ਅੱਤਵਾਦੀ ਤੇ 4 ਹੋਰ ਲੋਕ ਮਾਰੇ ਗਏ। ਦੇਸ਼ ਭਰ ‘ਚ ਅੱਤਵਾਦੀ ਹਮਲਿਆਂ ‘ਚ ਵਾਧੇ ਦੌਰਾਨ ਸੁਰੱਖਿਆ ਬਲਾਂ ‘ਤੇ ਇਹ ਤਾਜ਼ਾ ਹਮਲਾ ਹੈ। ਇਹ ਹਮਲਾ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 7.10 ਵਜੇ ਹੋਇਆ।

ਕਰਾਚੀ ਪੁਲਸ ਦੇ ਇਕ ਬੁਲਾਰੇ ਨੇ ਇਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਕਰਾਚੀ ਪੁਲਸ ਮੁਖੀ ਦੇ ਹੈੱਡਕੁਆਰਟਰ ‘ਤੇ ਹਮਲਾ ਹੋਇਆ ਹੈ। ਕਰਾਚੀ ਦੇ ਪੁਲਸ ਮੁਖੀ ਜਾਵੇਦ ਓਢੋ ਨੇ ਵੀ ਇਕ ਟਵੀਟ ਵਿੱਚ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਦਫ਼ਤਰ ‘ਤੇ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਜ਼ਬਰਦਸਤ ਜਵਾਬੀ ਕਾਰਵਾਈ ਕੀਤੀ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਰੀਬ 4 ਘੰਟੇ ਦੀ ਕਾਰਵਾਈ ਤੋਂ ਬਾਅਦ ਸ਼ਹਿਰ ਦੇ ਥਾਣਾ ਮੁਖੀ ਦਾ 5 ਮੰਜ਼ਿਲਾ ਦਫ਼ਤਰ ਖਾਲੀ ਕਰਵਾ ਲਿਆ। ਸਿੰਧ ਸਰਕਾਰ ਦੇ ਬੁਲਾਰੇ ਮੁਰਤਜ਼ਾ ਵਹਾਬ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਕਿ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਉਨ੍ਹਾਂ ਕਿਹਾ, ”ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਟਵਿੱਟਰ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਉਨ੍ਹਾਂ ਕਿਹਾ ਕਿ 2 ਪੁਲਸ ਅਧਿਕਾਰੀਆਂ ਸਮੇਤ 4 ਲੋਕਾਂ ਦੀ ਵੀ ਮੌਤ ਹੋ ਗਈ। ਹਮਲੇ ‘ਚ ਸੁਰੱਖਿਆ ਕਰਮਚਾਰੀਆਂ ਸਮੇਤ 14 ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਇਮਾਰਤ ਵਿੱਚ 8 ਅੱਤਵਾਦੀ ਸਨ।” ਸੀਨੀਅਰ ਪੁਲਸ ਅਧਿਕਾਰੀ ਡੀਆਈਜੀ (ਦੱਖਣੀ) ਇਰਫਾਨ ਬਲੋਚ ਨੇ ਕਿਹਾ, “ਕੁਝ ਅੱਤਵਾਦੀ ਇਮਾਰਤ ਦੇ ਪਿਛਲੇ ਪਾਸਿਓਂ ਦਾਖਲ ਹੋਏ, ਜਦੋਂ ਕਿ 2 ਪੁਲਸ ਦੀ ਵਰਦੀ ਵਿੱਚ ਮੁੱਖ ਗੇਟ ਰਾਹੀਂ ਦਾਖਲ ਹੋਏ।”

ਉਨ੍ਹਾਂ ਕਿਹਾ, “ਸਾਨੂੰ 2 ਕਾਰਾਂ ਵੀ ਮਿਲੀਆਂ, ਜਿਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਸਨ। ਇਕ ਇਮਾਰਤ ਦੇ ਪਿਛਲੇ ਪ੍ਰਵੇਸ਼ ਦੁਆਰ ‘ਤੇ ਖੜ੍ਹੀ ਸੀ ਅਤੇ ਦੂਜੀ ਸਾਹਮਣੇ, ਜਿਸ ਵਿੱਚ ਸ਼ੁੱਕਰਵਾਰ ਸਵੇਰੇ 7:10 ਵਜੇ ਦੇ ਕਰੀਬ ਅੱਤਵਾਦੀ ਆਏ।” ਖ਼ਤਰਨਾਕ ਅੱਤਵਾਦੀ ਸਮੂਹ ਪਾਕਿਸਤਾਨ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀਆਂ ਨੇ ਪਹਿਲਾਂ ਕਰਾਚੀ ਪੁਲਸ ਚੀਫ਼ ਦੇ ਦਫ਼ਤਰ ਦੀ ਇਮਾਰਤ ਦੇ ਮੁੱਖ ਦਫ਼ਤਰ ‘ਤੇ 6 ਹੈਂਡ ਗ੍ਰਨੇਡ ਸੁੱਟੇ ਅਤੇ ਫਿਰ ਕੰਪਲੈਕਸ ‘ਚ ਦਾਖ਼ਲ ਹੋ ਗਏ। ਕਰਾਚੀ ਪੁਲਸ ਮੁਖੀ ਦਾ ਦਫ਼ਤਰ ਹਵਾਈ ਅੱਡੇ ਵੱਲ ਜਾਣ ਵਾਲੀ ਸ਼ਹਿਰ ਦੀ ਮੁੱਖ ਸੜਕ ਦੇ ਨੇੜੇ ਸਥਿਤ ਹੈ।

ਪਾਕਿਸਤਾਨ ‘ਚ ਨਵੰਬਰ ਤੋਂ ਬਾਅਦ ਅੱਤਵਾਦੀ ਹਮਲਿਆਂ ਵਿੱਚ ਵਾਧਾ ਹੋਇਆ ਹੈ, ਜਦੋਂ ਪਾਕਿਸਤਾਨੀ ਤਾਲਿਬਾਨ ਨੇ ਸਰਕਾਰ ਨਾਲ ਇਕ ਮਹੀਨੇ ਦੀ ਜੰਗਬੰਦੀ ਖਤਮ ਕੀਤੀ ਸੀ। ਪਿਛਲੇ ਮਹੀਨੇ ਇਕ ਤਾਲਿਬਾਨੀ ਆਤਮਘਾਤੀ ਹਮਲਾਵਰ ਨੇ ਉੱਤਰ-ਪੱਛਮੀ ਪੇਸ਼ਾਵਰ ਸ਼ਹਿਰ ਵਿੱਚ ਇਕ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਇਕ ਮਸਜਿਦ ‘ਚ ਆਪਣੇ-ਆਪ ਨੂੰ ਉਡਾ ਲਿਆ ਸੀ, ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਸਨ। ਮਰਨ ਵਾਲਿਆਂ ‘ਚ ਜ਼ਿਆਦਾਤਰ ਪੁਲਸ ਮੁਲਾਜ਼ਮ ਸਨ।

Add a Comment

Your email address will not be published. Required fields are marked *