ਬੁਰਜ ਖਲੀਫ਼ਾ ਦੀ ਇਮਾਰਤ ’ਤੇ ਦਿਖਾਇਆ ‘ਸ਼ਹਿਜ਼ਾਦਾ’ ਦਾ ਟੀਜ਼ਰ

ਮੁੰਬਈ:ਅਦਾਕਾਰ ਕਾਰਤਿਕ ਆਰੀਅਨ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਆਪਣੀ ਫਿਲਮ ‘ਸ਼ਹਿਜ਼ਾਦਾ’ ਦੇ ਪ੍ਰਚਾਰ ਮਗਰੋਂ ਹੁਣ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਪਹੁੰਚ ਗਿਆ ਹੈ। ਹਾਲ ਹੀ ਵਿੱਚ ਅਦਾਕਾਰ ਨੇ ਮਸ਼ਹੂਰ ਬੁਰਜ ਖਲੀਫ਼ਾ ’ਤੇ ਆਪਣੀ ਫਿਲਮ ‘ਸ਼ਹਿਜ਼ਾਦਾ’ ਦਾ ਟੀਜ਼ਰ ਦਿਖਾਇਆ। ਦੁਬਈ ਦੇ ਆਪਣੇ ਦੌਰੇ ਦੌਰਾਨ ਅਦਾਕਾਰ ਆਪਣੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਨੂੰ ਵੀ ਮਿਲਿਆ। ਰੋਹਿਤ ਧਵਨ ਵੱਲੋਂ ਨਿਰਦੇਸ਼ਿਤ ਫਿਲਮ ‘ਸ਼ਹਿਜ਼ਾਦਾ’ ਵਿੱਚ ਕਾਰਤਿਕ ਦੇ ਨਾਲ ਕ੍ਰਿਤੀ ਸੈਨਨ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੋਹਿਤ ਰੌਏ ਤੇ ਸਚਿਨ ਖੇੜੇਕਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਭੂਸ਼ਣ ਕੁਮਾਰ, ਅੱਲੂ ਅਰਵਿੰਦ, ਅਮਨ ਗਿੱਲ ਤੇ ਕਾਰਤਿਕ ਆਰੀਅਨ ਦੀ ਇਸ ਫਿਲਮ ਦਾ ਸੰਗੀਤ ਪ੍ਰੀਤਮ ਨੇ ਦਿੱਤਾ ਹੈ। ‘ਸ਼ਹਿਜ਼ਾਦਾ’ ਭਲਕੇ 17 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਕਾਰ ਭਾਰਤ ਵਿੱਚ ਮੁੰਬਈ, ਜਲੰਧਰ ਤੇ ਕੱਛ ਸਣੇ ਕਈ ਥਾਈਂ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਚੁੱਕਿਆ ਹੈ। 

Add a Comment

Your email address will not be published. Required fields are marked *