ਏਅਰੋ-ਇੰਡੀਆ ’ਚ 266 ਭਾਈਵਾਲਾਂ ਦੇ ਐਲਾਨ ’ਤੇ ਹੋਏ ਹਸਤਾਖ਼ਰ, 80,000 ਕਰੋੜ ਦਾ ਹੋ ਸਕਦੈ ਕਾਰੋਬਾਰ

ਬੇਂਗਲੁਰੂ : ਏਅਰੋ-ਇੰਡੀਆ ’ਚ 266 ਭਾਈਵਾਲਾਂ ਦੇ ਐਲਾਨ ’ਤੇ ਹਸਤਾਖ਼ਰ ਹੋਏ। ਇਨ੍ਹਾਂ ’ਚ 201 ਸਮਝੌਤਾ ਮੰਗ ਪੱਤਰ (ਐੱਮ. ਓ. ਯੂ.), 53 ਵੱਡੇ ਐਲਾਨ ਅਤੇ 9 ਉਤਪਾਦਾਂ ਦੀ ਪੇਸ਼ਕਸ਼ ਸ਼ਾਮਲ ਹੈ। ਮੰਨਿਆ ਜਾ ਰਿਹਾ ਹੈ ਕਿ ਏਅਰੋ ਇੰਡੀਆ ’ਚ ਕਰੀਬ 80,000 ਕਰੋੜ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ। ਇਕ ਐੱਮ. ਓ. ਯੂ. ਹੈਲੀਕਾਪਟਰ ਇੰਜਣਾਂ ਦੇ ਡਿਜਾਈਨ, ਵਿਕਾਸ, ਨਿਰਮਾਣ ਅਤੇ ਜੀਵਨ ਭਰ ਸਹਿਯੋਗ ਲਈ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਅਤੇ ਫਰਾਂਸ ਦੀ ਸੇਫ੍ਰਨ ਹੈਲੀਕਾਪਟਰ ਇੰਜਣ ਦਰਮਿਆਨ ਹੋਇਆ ਹੈ।

ਸਮਝੌਤੇ ਅਤੇ ਐੱਮ. ਓ. ਯੂ. ਰਸਮੀ ਤੌਰ ’ਤੇ ‘ਬੰਧਨ’ ਸਮਾਰੋਹ ਨਾਂ ਦੇ ਪ੍ਰੋਗਰਾਮ ’ਚ ਹੋਏ। ਇਸ ਪ੍ਰੋਗਰਾਮ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਭਾਰਤੀ ਰੱਖਿਆ ਉਦਯੋਗ ਦੀਆਂ ਚੋਟੀ ਦੀਆਂ ਹਸਤੀਆਂ ਅਤੇ ਸੀਨੀਅਰ ਫੌਜੀ ਅਧਿਕਾਰੀ ਸ਼ਾਮਲ ਹੋਏ ਸਨ। ਰੱਖਿਆ ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਬੰਧਨ ਸਮਾਰੋਹ ’ਚ 80,000 ਕਰੋੜ ਰੁਪਏ ਦੇ 266 ਸਮਝੌਤੇ ਹੋਏ, ਜਿਨ੍ਹਾਂ ’ਚ 201 ਐੱਮ. ਓ. ਯੂ, 52 ਪ੍ਰਮੁੱਖ ਐਲਾਨ, 9 ਉਤਪਾਦਾਂ ਦੀ ਪੇਸ਼ਕਸ਼ ਅਤੇ ਟ੍ਰਾਂਸਫਰ ਆਫ ਤਕਨਾਲੋਜੀ ਸ਼ਾਮਲ ਹਨ। ਇਕ ਐੱਮ. ਓ. ਯੂ. ਉੱਨਤ ਦਰਮਿਆਨੇ ਲੜਾਕੂ ਜਹਾਜ਼ (ਏ. ਐੱਮ. ਸੀ. ਏ.) ਲਈ ਭਾਰਤ ਇਲੈਕਟ੍ਰਾਨਿਕ ਲਿਮਟਿਡ ਅਤੇ ਏਅਰੋਨਾਟੀਕਲ ਡਿਵੈੱਲਪਮੈਂਟ ਏਜੰਸੀ (ਏ. ਡੀ. ਏ.) ਦਰਮਿਆਨ ਵੀ ਹੋਇਆ ਹੈ।

ਏਅਰੋ ਇੰਡੀਆ ਦੌਰਾਨ ਜਿਨ੍ਹਾਂ ਉਤਪਾਦਾਂ ਨੂੰ ਪੇਸ਼ ਕੀਤਾ ਗਿਆ, ਉਨ੍ਹਾਂ ’ਚ ਘੱਟ ਦੂਰੀ ਦੀ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ (ਭਾਰਤ ਡਾਇਨਾਮਿਕਸ ਲਿਮਟਿਡ) ਵੀ ਹੈ। ਇਸ ਤੋਂ ਇਲਾਵਾ ਭਾਰਤ ਡਾਇਨਾਮਿਕਸ ਲਿਮਟਿਡ ਵਲੋਂ ਵਿਕਸਿਤ ਸੈਮੀ ਐਕਟਿਵ ਲੇਜ਼ਰ ਆਧਾਰਿਤ ਟੈਂਕ ਰੋਧੀ ਨਿਰਦੇਸ਼ਿਤ ਮਿਜ਼ਾਈਨ ਨੂੰ ਵੀ ਇੱਥੇ ਪੇਸ਼ ਕੀਤਾ ਗਿਆ। ਇਹ ਮਿਜ਼ਾਈਲ 23 ਕਿਲੋਗ੍ਰਾਮ ਭਾਰੀ ਹੈ ਅਤੇ ਇਸ ਦੀ ਵਰਤੋਂ ਟੈਂਕ ਅਤੇ ਪੈਦਲ ਫੌਜ ਦੇ ਲੜਾਕੂ ਵਾਹਨਾਂ ਵਰਗੇ ਚਲਦੇ ਅਤੇ ਸਥਿਰ ਟੀਚਿਆਂ ’ਤੇ ਵੱਖ-ਵੱਖ ਇਲਾਕਿਆਂ ’ਚ ਕੀਤਾ ਜਾ ਸਕਦਾ ਹੈ।

ਬੇਂਗਲੁਰੂ ਦੇ ਬਾਹਰ ਯੇਲਹੰਕਾ ਹਵਾਈ ਫੌਜ ਸਟੇਸ਼ਨ ਕੰਪਲੈਕਸ ’ਚ ਏਅਰੋ ਇੰਡੀਆ ਦੇ 14ਵੇਂ ਵਰਜਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੀਤਾ ਸੀ। ਇਸ ’ਚ ਲਗਭਗ 100 ਦੇਸ਼ਾਂ ਦੀਆਂ 700 ਰੱਖਿਆ ਕੰਪਨੀਆਂ ਅਤੇ ਪ੍ਰਤੀਨਿਧੀ ਸ਼ਾਮਲ ਹੋਏ ਸਨ। ਰੱਖਿਆ ਮੰਤਰੀ ਨੇ ਕਿਹਾ ਕਿ ਏਅਰੋ ਇੰਡੀਆ ਨੇ ਦੁਨੀਆ ਦੇ ‘ਨਵੇਂ ਭਾਰਤ’ ਦਾ ‘ਨਵਾਂ ਰੱਖਿਆ ਖੇਤਰ’ ਦਿਖਾਇਆ ਜੋ ਨਾ ਸਿਰਫ਼ ਪਿਛਲੇ ਕੁੱਝ ਸਾਲਾਂ ’ਚ ਵਿਕਸਿਤ ਹੋਇਆ ਹੈ ਸਗੋਂ ਮੋਹਰੀ ਦੇਸ਼ਾਂ ਦੇ ਰੱਖਿਆ ਖੇਤਰਾਂ ਦੇ ਨਾਲ ਚੱਲਣ ਲਈ ਪੁਰੀ ਤਰ੍ਹਾਂ ਤਿਆਰ ਵੀ ਹੈ।

Add a Comment

Your email address will not be published. Required fields are marked *