ਖਰੀਦ-ਫ਼ਰੋਖਤ ਦੇ ਦੋਸ਼ਾਂ ਦਰਮਿਆਨ ਸੰਪਰਕ ’ਚ ਆਏ ‘AAP’ ਦੇ ਸਾਰੇ ਵਿਧਾਇਕ, ਬੈਠਕ ’ਚ 53 MLA ਰਹੇ ਮੌਜੂਦ

ਨਵੀਂ ਦਿੱਲੀ– ਦਿੱਲੀ ਦੀ ਸਿਆਸਤ ’ਚ ਵੀਰਵਾਰ ਯਾਨੀ ਕਿ ਅੱਜ ਦਾ ਦਿਨ ਅਹਿਮ ਰਿਹਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਅੱਜ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ। ਖਰੀਦ-ਫ਼ਰੋਖਤ ਦੇ ਦੋਸ਼ਾਂ ਦਰਮਿਆਨ ਆਮ ਆਦਮੀ ਪਾਰਟੀ (ਆਪ) ਨੂੰ ਸ਼ੱਕ ਹੈ ਕਿ ਕਿਤੇ ਭਾਜਪਾ ਉਨ੍ਹਾਂ ਦੀ ਸਰਕਾਰ ਤੋੜਨ ਦੀ ਕੋਸ਼ਿਸ਼ ਨਾ ਕਰੇ। ਬੈਠਕ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਹੀ ਇਸ ਮਸਲੇ ’ਤੇ ਤਸਵੀਰ ਸਾਫ਼ ਹੋ ਗਈ। 
‘ਆਪ’ ਦੇ ਸਾਰੇ ਵਿਧਾਇਕਾਂ ਨਾਲ ਸੰਪਰਕ ਹੋਇਆ, ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ‘ਚ 53 ਵਿਧਾਇਕ ਮੌਜੂਦ ਰਹੇ।

ਵਿਧਾਇਕ ਦਲ ਦੀ ਬੈਠਕ ’ਚ ‘ਆਪ’ ਦੇ 53 ਵਿਧਾਇਕ ਪਹੁੰਚੇ। ਦੱਸਿਆ ਗਿਆ ਕਿ ਇਕ ਵਿਧਾਇਕ ਰਾਹ ਵਿਚ ਹੈ। ਉੱਥੇ ਹੀ 8 ਵਿਧਾਇਕ ਇਸ ਸਮੇਂ ਦਿੱਲੀ ਤੋਂ ਬਾਹਰ ਹਨ। ਜੋ ਵਿਧਾਇਕ ਦਿੱਲੀ ਤੋਂ ਬਾਹਰ ਹਨ, ਉਨ੍ਹਾਂ ’ਚ ਸਤੇਂਦਰ ਜੈਨ, ਮਨੀਸ਼ ਸਿਸੋਦੀਆ ਅਤੇ ਰਾਮ ਨਿਵਾਸ ਗੋਇਲ ਵੀ ਸ਼ਾਮਲ ਹਨ। ਸਿਸੋਦੀਆ ਦਾ ਅੱਜ ਹਿਮਾਚਲ ਦੌਰਾ ਹੈ ਤਾਂ ਉੱਥੇ ਹੀ ਰਾਮ ਨਿਵਾਸ ਗੋਇਲ ਅਮਰੀਕਾ ’ਚ ਹਨ। ਸਤੇਂਦਰ ਜੈਨ ਇਸ ਸਮੇਂ ਮਨੀ ਲਾਂਡਰਿੰਗ ਮਾਮਲੇ ’ਚ ਈਡੀ ਦੀ ਹਿਰਾਸਤ ’ਚ ਹਨ।

ਓਧਰ ਪਾਰਟੀ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਨੇ ਪਾਰਟੀ ਬਦਲਣ ਲਈ ‘ਆਪ’ ਦੇ 12 ਵਿਧਾਇਕਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ‘ਆਪ’ ਦੇ ਨਾਲ ਹਨ। ‘ਆਪ’ ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ, ਦਿੱਲੀ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਡੇ ਵਿਧਾਇਕਾਂ ਨੂੰ ਪੈਸੇ ਦਾ ਆਫ਼ਰ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਨੂੰ ਵੀ ਧਮਕੀ ਦਿੱਤੀ ਗਈ। ਇਸ ਤੋਂ ਪਹਿਲਾਂ ‘ਆਪ’ ਪਾਰਟੀ ਦੇ 4 ਵਿਧਾਇਕਾਂ ਨੇ ਭਾਜਪਾ ’ਤੇ 20-20 ਕਰੋੜ ਰੁਪਏ ਦਾ ਆਫ਼ਰ ਕਰਨ ਅਤੇ ਧਮਕਾਉਣ ਦਾ ਦੋਸ਼ ਲਾਇਆ ਸੀ। ਅਜਿਹੇ ਵਿਚ ‘ਆਪ’ ਪਾਰਟੀ ਨੂੰ ਖ਼ਦਸ਼ਾ ਹੈ ਕਿ ਕਿਤੇ ਭਾਜਪਾ ਉਨ੍ਹਾਂ ਦੇ ਵਿਧਾਇਕਾਂ ਨੂੰ ਤੋੜ ਨਾ ਲਵੇ। ਜਿਸ ਕਰ ਕੇ ਅੱਜ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ।

Add a Comment

Your email address will not be published. Required fields are marked *