ਦਿੱਲੀ ਏਅਰਪੋਰਟ ‘ਤੇ ਯਾਤਰੀਆਂ ਤੋਂ ਮਿਲੇ RBI ਦੇ ਕਰੋੜਾਂ ਦੇ ਜਾਅਲੀ ਦਸਤਾਵੇਜ਼

ਚੇਨੰਈ ਜਾਣ ਵਾਲੇ ਤਿੰਨ ਭਾਰਤੀ ਯਾਤਰੀਆਂ ਨੂੰ ਦਿੱਲੀ ਏਅਰਪੋਰਟ ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਆਰ.ਬੀ.ਆਈ. ਦੇ 88 ਹਜ਼ਾਰ ਕਰੋੜ ਰੁਪਏ ਦੇ ਜਾਅਲੀ ਦਸਤਾਵੇਜ਼ ਲੈ ਜਾਣ ਅਤੇ ਇਨ੍ਹਾਂ ਬਾਰੇ ਪੁੱਛਗਿੱਛ ਕਰਨ ਵਾਲੇ ਜਵਾਨ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੂੰ ਦਿੱਲੀ ਪੁਲਸ ਨੇ ਜਾਲਸਾਜ਼ੀ ਅਤੇ ਅਧਿਕਾਰਤ ਦਸਤਾਵੇਜ਼ ਦੀ ਨਕਲ ਨਾਲ ਸਬੰਧਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। 

ਸੀ.ਆਈ.ਐੱਸ.ਐੱਫ. ਦੇ ਏ.ਐੱਸ.ਆਈ. ਹਰਿ ਕਿਸ਼ਨ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮਿਨਲ ਤਿੰਨ ‘ਤੇ ਸ਼ੁੱਕਰਵਾਰ ਸ਼ਾਮ ਯਾਤਰੀ ਦੀ ਸੁਰੱਖਿਆ ਜਾਂਚ ਦੌਰਾਨ ਭਾਰਤ ਦੇ ਰਾਜ ਚਿੰਨ੍ਹ ਅਸ਼ੋਕ ਸਤੰਭ ਤੋਂ ਲਏ ਗਏ ਸ਼ੇਰ ਦੇ ਚਿੰਨ੍ਹ, ਭਾਰਤੀ ਰਿਜ਼ਰਵ ਬੈਂਕ ਦੇ ਲੋਗੋ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਨਾਂ ਵਾਲੇ ਇਕ ਜਾਅਲੀ ਦਸਤਾਵੇਜ਼ ਸਮੇਤ ਸ਼ੱਕੀ ਦਸਤਾਵੇਜ਼ਾਂ ਦਾ ਪਤਾ ਲਗਾਇਆ।

ਸੀ.ਆਈ.ਐੱਸ.ਐੱਫ. ਦੇ ਇਕ ਬੁਲਾਰੇ ਨੇ ਦੱਸਿਆ, “ਜਦੋਂ ਯਾਤਰੀਆਂ ਤੋਂ ਇਨ੍ਹਾਂ ਦਸਤਾਵੇਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਤੇ ਏ. ਐੱਸ. ਆਈ ਹਰਿ ਕਿਸ਼ਨ ਨੂੰ ਉਨ੍ਹਾਂ ਜਾਣ ਦੇਣ ਲਈ ਤਿੰਨ ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ। ਅਧਿਕਾਰੀ ਨੇ ਉਸ ਨੂੰ ਝਾੜ ਪਾਈ ਅਤੇ ਹਵਾਈ ਅੱਡੇ ‘ਤੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ।”

ਚੇਨੰਈ ਜਾਣ ਵਾਲੇ ਤਿੰਨ ਯਾਤਰੀਆਂ ਨੂੰ ਸੀ.ਆੀ.ਐੱਸ.ਐੱਫ. ਦੇ ਮੁਲਾਜ਼ਮਾਂ ਨੇ ਸਪਾਈਸਜੈੱਟ ਤੋਂ ਉਤਾਰਨ ਤੋਂ ਬਾਅਦ ਹਿਰਾਸਤ ਵਿਚ ਲਿਆ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਮਾਮਲਾ ਦਰਜ ਕੀਤਾ ਅਤੇ ਅਗਲੇਰੀ ਜਾਂਚ ਲਈ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਸੀ.ਆਈ.ਐੱਸ.ਐੱਫ. ਡਾਇਰੈਕਟਰ ਜਨਰਲ ਨੇ ਸ਼ਲਾਘਾਯੋਗ ਕੰਮ ਕਰਨ ਵਾਲੇ ਏ.ਐੱਸ.ਆਈ ਹਰਿ ਕਿਸ਼ਨ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।

Add a Comment

Your email address will not be published. Required fields are marked *