ਵਿਰਾਟ ਦੀ ਵਾਪਸੀ ‘ਤੇ ਰਵੀ ਸ਼ਾਸਤਰੀ ਦਾ ਬਿਆਨ- ਇਕ ਅਰਧ ਸੈਂਕੜਾ ਤੇ ਸਾਰਿਆਂ ਦੇ ਮੂੰਹ ਹੋਣਗੇ ਬੰਦ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਖ਼ਰਾਬ ਫਾਰਮ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਉਸ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਵਿਰਾਟ ਕੋਹਲੀ ਏਸ਼ੀਆ ਕੱਪ ’ਚ ਆਪਣੀ ਫਾਰਮ ’ਚ ਦਿਸਣਗੇ। ਸ਼ਾਸਤਰੀ ਨੇ ਕਿਹਾ ਕਿ ਫਿਟਨੈੱਸ, ਜਿੱਤ ਦੀ ਭੁੱਖ ਅਤੇ ਜਨੂੰਨ ਦੇ ਮਾਮਲੇ ’ਚ ਕੋਹਲੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਕੌਮਾਂਤਰੀ ਕ੍ਰਿਕਟ ਤੋਂ ਥੋੜ੍ਹੇ ਸਮੇਂ ਬਾਅਦ ਉਸ ਦੀ ਵਾਪਸੀ ਸ਼ਾਨਦਾਰ ਹੋਵੇਗੀ। ਇਸ ਤੋਂ ਪਹਿਲਾਂ ਸ਼ਾਸਤਰੀ ਨੇ ਕੋਹਲੀ ਨੂੰ ਕ੍ਰਿਕਟ ਤੋਂ ਬ੍ਰੇਕ ਲੈਣ ਦੀ ਸਲਾਹ ਦਿੱਤੀ ਸੀ।

ਸ਼ਾਸਤਰੀ ਨੇ ਕਿਹਾ, ‘ਵੈਸੇ ਪਿਛਲੇ ਦਿਨਾਂ ’ਚ ਮੇਰੀ ਕੋਹਲੀ ਨਾਲ ਗੱਲ ਨਹੀਂ ਹੋਈ ਹੈ ਪਰ ਵੱਡੇ ਖਿਡਾਰੀ ਹਮੇਸ਼ਾ ਸਮੇਂ ’ਤੇ ਸੰਭਲ ਜਾਂਦੇ ਹਨ। ਏਸ਼ੀਆ ਕੱਪ ਤੋਂ ਪਹਿਲਾਂ ਕੋਹਲੀ ਨੇ ਜੋ ਬ੍ਰੇਕ ਲਈ ਹੈ, ਉਹ ਉਸ ਲਈ ਫ਼ਾਇਦੇਮੰਦ ਸਾਬਿਤ ਹੋਵੇਗੀ। ਇਸ ਦੌਰਾਨ ਉਨ੍ਹਾਂ ਨੂੰ ਆਤਮ-ਮੰਥਨ ਕਰਨ ਦਾ ਸਮਾਂ ਮਿਲਿਆ ਹੋਵੇਗਾ। ਲੋਕਾਂ ਦੀ ਯਾਦਦਾਸ਼ਤ ਬਹੁਤ ਛੋਟੀ ਹੈ ਤੇ ਜੇ ਕੋਹਲੀ ਪਾਕਿਸਤਾਨ ਖ਼ਿਲਾਫ਼ ਅਰਧ ਸੈਂਕੜਾ ਦੇਣਗੇ ਤਾਂ ਲੋਕ ਸਭ ਕੁਝ ਭੁੱਲ ਜਾਣਗੇ।’

ਉਨ੍ਹਾਂ ਕਿਹਾ ਕਿ ਹਾਲ ਹੀ ’ਚ ਮੈਂ ਇਕ ਅੰਕੜਾ ਦੇਖ ਰਿਹਾ ਸੀ। ਇਸ ਮੁਤਾਬਿਕ ਪਿਛਲੇ ਤਿੰਨ ਸਾਲਾਂ ’ਚ ਕੋਹਲੀ ਨੇ ਕੇਨ ਵਿਲੀਅਮਸਨ, ਡੇਵਿਡ ਵਾਰਨਰ ਜਾਂ ਜੋ ਰੂਟ ਦੀ ਤੁਲਨਾ ’ਚ ਤਿੰਨ ਗੁਣਾ ਜ਼ਿਆਦਾ ਮੈਚ ਖੇਡੇ ਹਨ। ਕ੍ਰਿਕਟ ਦੇ ਤਿੰਨੋਂ ਫਾਰਮੈਟਾਂ (ਟੈਸਟ, ਵਨ-ਡੇ ਅਤੇ ਟੀ-20) ’ਚ ਕੋਹਲੀ ਲਗਾਤਾਰ ਖੇਡ ਰਿਹਾ ਸੀ, ਜਿਸ ਦਾ ਅਸਰ ਖਿਡਾਰੀ ’ਤੇ ਪੈਂਦਾ ਹੈ। ਇੰਨੇ ਮੈਚ ਖੇਡਣ ਦੇ ਬਾਵਜੂਦ ਤੁਸੀਂ ਦੇਖ ਲਵੋ ਕੋਹਲੀ ਵਾਂਗ ਫਿੱਟ ਕੋਈ ਹੋਰ ਭਾਰਤੀ ਕਿ੍ਰਕਟਰ ਸ਼ਾਇਦ ਹੀ ਦਿਸੇਗਾ। ਕੋਹਲੀ ਦੌੜਾਂ ਦੀ ਮਸ਼ੀਨ ਹੈ। ਉਨ੍ਹਾਂ ਅੰਦਰ ਜਿੱਤ ਦੀ ਭੁੱਖ ਅਤੇ ਜਨੂੰਨ ਅਜੇ ਵੀ ਪਹਿਲਾਂ ਵਰਗਾ ਹੈ। ਹਰ ਵੱਡਾ ਖਿਡਾਰੀ ਬੁਰੇ ਸਮੇਂ ਵਿੱਚੋਂ ਗੁਜ਼ਰਦਾ ਹੈ ਅਤੇ ਉਸ ਤੋਂ ਸਿੱਖਦਾ ਹੈ। ਉਸ ਨੂੰ ਸਿਰਫ਼ ਇਕ ਵੱਡੀ ਪਾਰੀ ਦੀ ਲੋੜ ਹੁੰਦੀ ਹੈ।

Add a Comment

Your email address will not be published. Required fields are marked *