ਤੁਰਕੀ ‘ਚ ਭੂਚਾਲ ਤੋਂ ਬਾਅਦ ਲਾਪਤਾ ਫੁੱਟਬਾਲਰ ਅਤਸੂ ਨੂੰ ਮਬਲੇ ਹੇਠੋਂ ਸੁਰੱਖਿਅਤ ਕੱਢਿਆ ਗਿਆ ਬਾਹਰ

ਲੰਡਨ – ਤੁਰਕੀ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਮਲਬੇ ਹੇਠਾਂ ਦੱਬੇ ਗਏ ਫੁੱਟਬਾਲਰ ਕ੍ਰਿਸ਼ਚੀਅਨ ਅਤਸੂ ਨੂੰ ਮਲਬੇ ਵਿੱਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਘਾਨਾ ਫੁੱਟਬਾਲ ਸੰਘ ਨੇ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ। ਘਾਨਾ ਦਾ ਖਿਡਾਰੀ ਅਤਸੂ ਤੁਰਕੀ ਦੇ ਕਲੱਬ ਹਾਟੈਸਪੋਰ ਲਈ ਖੇਡਦਾ ਹੈ। ਕਲੱਬ ਦੇ ਬੁਲਾਰੇ ਮੁਸਤਫਾ ਓਜ਼ਤ ਨੇ ਦੱਸਿਆ ਕਿ ਉਹ ਉਸ ਇਮਾਰਤ ਵਿੱਚ ਸੀ ਜੋ ਤਬਾਹ ਹੋ ਗਈ ਹੈ। ਕਲੱਬ ਦੇ ਦੋ ਖਿਡਾਰੀਆਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਘਾਨਾ ਫੁੱਟਬਾਲ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਲਿਖਿਆ, ”ਸਾਡੇ ਕੋਲ ਸਕਾਰਾਤਮਕ ਖ਼ਬਰ ਹੈ ਕਿ ਕ੍ਰਿਸ਼ਚੀਅਨ ਅਤਸੂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਸ ਦਾ ਇਲਾਜ ਚੱਲ ਰਿਹਾ ਹੈ ਪਰ ਉਸ ਦੇ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ।’

ਤੁਰਕੀ ਅਤੇ ਗੁਆਂਢੀ ਸੀਰੀਆ ਵਿੱਚ ਸੋਮਵਾਰ ਨੂੰ ਆਏ 7.8 ਤੀਬਰਤਾ ਦੇ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ 5,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ। ਭੂਚਾਲ ਕਾਰਨ ਹਜ਼ਾਰਾਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਕਰਤਾ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਬਚਾਅ ਕਰਮਚਾਰੀ ਸਾਵਧਾਨੀ ਨਾਲ ਕੰਕਰੀਟ ਦੇ ਪੱਥਰ ਅਤੇ ਲੋਹੇ ਦੀਆਂ ਰਾਡਾਂ ਨੂੰ ਹਟਾ ਰਹੇ ਹਨ, ਤਾਂ ਜੋ ਮਲਬੇ ਵਿਚ ਜੇਕਰ ਕੋਈ ਵੀ ਜਿਊਂਦਾ ਬਚਿਆ ਹੈ ਤਾਂ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਭੂਚਾਲ ਦਾ ਕੇਂਦਰ ਤੁਰਕੀ ਦੇ ਸ਼ਹਿਰ ਗਾਜ਼ੀਅਨਟੇਪ ਤੋਂ ਕਰੀਬ 30 ਕਿਲੋਮੀਟਰ ਦੂਰ ਸੀ। ਭੂਚਾਲ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੇ ਸ਼ਾਪਿੰਗ ਮਾਲ, ਸਟੇਡੀਅਮ, ਮਸਜਿਦਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਸ਼ਰਨ ਲਈ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।

Add a Comment

Your email address will not be published. Required fields are marked *