ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਕਰਾਚੀ ‘ਚ ਕੀਤਾ ਜਾਵੇਗਾ ਸਪੁਰਦ-ਏ-ਖਾਕ

ਕਰਾਚੀ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ 1999 ਵਿਚ ਕਾਰਗਿਲ ਯੁੱਧ ਦੇ ਮੁੱਖ ਮਾਸਟਰਮਾਈਂਡ ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ੱਰਫ ਨੂੰ ਮੰਗਲਵਾਰ ਨੂੰ ਛਾਉਣੀ ਖੇਤਰ ਵਿਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਈ ਸਾਲਾਂ ਤੋਂ ਬਿਮਾਰ ਚੱਲ ਰਹੇ ਮੁਸ਼ੱਰਫ ਦੀ ਐਤਵਾਰ ਨੂੰ ਦੁਬਈ ਦੇ ਇਕ ਹਸਪਤਾਲ ‘ਚ ਮੌਤ ਹੋ ਗਈ ਸੀ। ਉਹ 79 ਸਾਲ ਦੇ ਸਨ। ਪਾਕਿਸਤਾਨ ‘ਚ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਉਹ 2016 ਤੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ‘ਚ ਸਵੈ-ਜਲਾਵਤਨੀ ਵਿਚ ਰਹਿ ਰਿਹਾ ਸੀ। ਉਹ ਦੁਬਈ ਵਿੱਚ ਐਮੀਲੋਇਡੋਸਿਸ ਦਾ ਇਲਾਜ ਕਰਵਾ ਰਿਹਾ ਸੀ। 

ਮੁਸ਼ੱਰਫ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਦੁਬਈ ਤੋਂ ਵਿਸ਼ੇਸ਼ ਉਡਾਣ ਰਾਹੀਂ ਇਥੇ ਲਿਆਂਦੀ ਗਈ। ਮੁਸ਼ੱਰਫ ਦੀ ਪਤਨੀ ਸਬਾਹ, ਪੁੱਤਰ ਬਿਲਾਲ, ਧੀ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਮਾਲਟਾ ਏਵੀਏਸ਼ਨ ਦੀ ਵਿਸ਼ੇਸ਼ ਉਡਾਣ ਵਿੱਚ ਉਨ੍ਹਾਂ ਦੇ ਮ੍ਰਿਤਕ ਸਰੀਰ ਦੇ ਨਾਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਜਹਾਜ਼ ਸਖਤ ਸੁਰੱਖਿਆ ਵਿਚਕਾਰ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪੁਰਾਣੇ ਟਰਮੀਨਲ ਖੇਤਰ ‘ਤੇ ਉਤਰਿਆ ਅਤੇ ਸਾਬਕਾ ਰਾਸ਼ਟਰਪਤੀ ਦੀ ਮ੍ਰਿਤਕ ਦੇਹ ਨੂੰ ਮਲੀਰ ਛਾਉਣੀ ਖੇਤਰ ਲਿਜਾਇਆ ਗਿਆ। ਸਾਬਕਾ ਰਾਸ਼ਟਰਪਤੀ ਦੇ ਕਰੀਬੀ ਸਹਿਯੋਗੀ ਨੇ ਡਾਨ ਅਖ਼ਬਾਰ ਨੂੰ ਦੱਸਿਆ ਕਿ ਜਨਰਲ ਮੁਸ਼ੱਰਫ ਨੂੰ “ਪੂਰੇ ਸਰਕਾਰੀ ਅਤੇ ਫੌਜੀ ਸਨਮਾਨਾਂ ਨਾਲ” ਸਸਕਾਰ ਕੀਤਾ ਜਾਵੇਗਾ। ਹਾਲਾਂਕਿ ਅਧਿਕਾਰੀਆਂ ਨੇ ਇਸ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 

ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਦੱਸਿਆ ਸੀ ਕਿ ਮਲੀਰ ਛਾਉਣੀ ‘ਚ ਪੂਰੇ ਪ੍ਰਬੰਧ ਕੀਤੇ ਗਏ ਹਨ, ਜਿੱਥੇ ਉਸ ਨੂੰ ਕਰਾਚੀ ‘ਚ ‘ਪੁਰਾਣੇ ਫੌਜੀ ਕਬਰਸਤਾਨ’ ਵਿਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਦੂਜੇ ਪਾਸੇ ਮਲੇਰ ਛਾਉਣੀ ਦੇ ਗੁਲਮੋਹਰ ਪੋਲੋ ਗਰਾਊਂਡ ਵਿੱਚ ਨਮਾਜ਼-ਏ-ਜਨਾਜ਼ਾ ਪੜ੍ਹਿਆ ਜਾਵੇਗਾ। ਆਲ ਪਾਕਿਸਤਾਨ ਮੁਸਲਿਮ ਲੀਗ ਦੇ ਸੂਚਨਾ ਸਕੱਤਰ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਗੁਲਮੋਹਰ ਪੋਲੋ ਗਰਾਊਂਡ ‘ਚ ਨਮਾਜ਼-ਏ-ਜਨਾਜ਼ਾ ਅਦਾ ਕੀਤਾ ਜਾਵੇਗਾ। ਮੁਸ਼ੱਰਫ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ ਆਲ ਪਾਕਿਸਤਾਨ ਮੁਸਲਿਮ ਲੀਗ ਦਾ ਗਠਨ ਕੀਤਾ। ਮੁਸ਼ੱਰਫ ਦੀ ਮਾਂ ਨੂੰ ਦੁਬਈ ਅਤੇ ਪਿਤਾ ਨੂੰ ਕਰਾਚੀ ਵਿੱਚ ਸਪੁਰਦ-ਏ-ਖਾਕ ਕੀਤਾ ਗਿਆ ਸੀ। ਕਾਰਗਿਲ ‘ਚ ਅਸਫਲਤਾ ਤੋਂ ਬਾਅਦ ਮੁਸ਼ੱਰਫ ਨੇ 1999 ‘ਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕੇ ਗਦੀਓਂ ਲਾਹ ਦਿੱਤਾ ਸੀ। ਉਹ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। ਮੁਸ਼ੱਰਫ ਦਾ ਜਨਮ 1943 ਵਿੱਚ ਦਿੱਲੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ 1947 ਵਿੱਚ ਪਾਕਿਸਤਾਨ ਚਲਾ ਗਿਆ ਸੀ। ਉਹ ਪਾਕਿਸਤਾਨ ‘ਤੇ ਰਾਜ ਕਰਨ ਵਾਲਾ ਆਖਰੀ ਫੌਜੀ ਤਾਨਾਸ਼ਾਹ ਸੀ।

Add a Comment

Your email address will not be published. Required fields are marked *