ਅਡਾਨੀ ਸਮੂਹ ਨੂੰ ਦਿੱਤਾ ਗਿਆ ਕੁੱਲ ਕਰਜ਼ੇ ਦਾ 0.94 ਫੀਸਦੀ : ਐਕਸਿਸ ਬੈਂਕ

ਨਵੀਂ ਦਿੱਲੀ– ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਕਿਹਾ ਕਿ ਸੰਕਟ ਨਾਲ ਘਿਰੇ ਅਡਾਨੀ ਸਮੂਹ ਨੂੰ ਦਿੱਤਾ ਗਿਆ ਕਰਜ਼ਾ ਉਸ ਦੇ ਕੁੱਲ ਕਰਜ਼ੇ ਦਾ 0.94 ਫੀਸਦੀ ਹੈ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਕਿਹਾ ਕਿ ਅਸੀਂ ਬੈਂਕ ਦੇ ਲੋਨ ਮੁਲਾਂਕਣ ਢਾਂਚੇ ਮੁਤਾਬਕ ਨਕਦੀ ਆਮਦ, ਸੁਰੱਖਿਆ ਅਤੇ ਦੇਣਦਾਰੀਆਂ ਨੂੰ ਅਦਾ ਕਰਨ ਦੀ ਸਮਰੱਥਾ ਦੇ ਆਧਾਰ ’ਤੇ ਕਰਜ਼ਾ ਦਿੰਦੇ ਹਨ। ਇਸ ਆਧਾਰ ’ਤੇ ਅਸੀਂ ਅਡਾਨੀ ਸਮੂਹ ਨੂੰ ਦਿੱਤੇ ਗਏ ਕਰਜ਼ੇ ਦੇ ਨਾਲ ਸਹਿਜ ਹਾਂ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਗਿਆ ਹੈ ਕਿ ਅਡਾਨੀ ਸਮੂਹ ਨੂੰ ਦਿੱਤਾ ਗਿਆ ਕਰਜ਼ਾ ਮੁੱਖ ਤੌਰ ’ਤੇ ਬੰਦਰਗਾਹਾਂ, ਸੰਚਾਰ, ਬਿਜਲੀ, ਗੈਸ ਡਿਸਟ੍ਰੀਬਿਊਸ਼ਨ, ਸੜਕ ਅਤੇ ਹਵਾਈ ਅੱਡੇ ਵਰਗੇ ਖੇਤਰਾਂ ’ਚ ਕੰਮ ਕਰ ਰਹੀਆਂ ਕੰਪਨੀਆਂ ਲਈ ਹੈ।

ਬੈਂਕ ਨੇ ਦੱਸਿਆ ਕਿ ਸ਼ੁੱਧ ਕਰਜ਼ੇ ਦੇ ਫੀਸਦੀ ਦੇ ਰੂਪ ’ਚ ਫੰਡ ਆਧਾਰਿਤ ਬਕਾਇਆ 0.29 ਫੀਸਦੀ ਹੈ ਜਦ ਕਿ ਗੈਰ-ਫੰਡ ਆਧਾਰਿਤ ਬਕਾਇਆ 0.58 ਫੀਸਦੀ ਹੈ। ਇਸ ’ਚ ਅੱਗੇ ਕਿਹਾ ਗਿਆ ਹੈ ਕਿ 31 ਦਸੰਬਰ 2022 ਤੱਕ ਬੈਂਕ ਦੀਆਂ ਸ਼ੁੱਧ ਪੇਸ਼ਗੀਆਂ ਦੇ ਮੁਕਾਬਲੇ ਨਿਵੇਸ਼ 0.07 ਫੀਸਦੀ ਹੈ। ਐਕਸਿਸ ਬੈਂਕ ਨੇ ਕਿਹਾ ਕਿ ਉਸ ਦੇ ਕੋਲ 31 ਦਸੰਬਰ 2022 ਤੱਕ 1.53 ਫੀਸਦੀ ਦੇ ਮਿਆਰੀ ਜਾਇਦਾਦ ਕਵਰੇਜ਼ ਨਾਲ ਇਕ ਮਜ਼ਬੂਤ ਵਹੀਖਾਤਾ ਹੈ।

ਅਡਾਨੀ ਗਰੁੱਪ ਨੂੰ SBI ਦਾ ਕਰਜ਼ 27,000 ਕਰੋੜ ਰੁਪਏ : ਚੇਅਰਮੈਨ

ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਉਨ੍ਹਾਂ ਨੇ ਲਗਭਗ 27,000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੋਇਆ ਹੈ, ਜੋ ਕੁੱਲ ਵੰਡੇ ਗਏ ਕਰਜ਼ਿਆਂ ਦਾ ਸਿਰਫ਼ 0.88 ਫ਼ੀਸਦੀ ਹੈ। ਐੱਸ.ਬੀ.ਆਈ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਬੈਂਕ ਦਾ ਇਹ ਵਿਚਾਰ ਨਹੀਂ ਹੈ ਕਿ ਅਡਾਨੀ ਸਮੂਹ ਨੂੰ ਆਪਣੇ ਕਰਜ਼ੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ‘ਚ ਕਿਸੇ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐੱਸ.ਬੀ.ਆਈ ਨੇ ਇਸ ਸਮੂਹ ਨੂੰ ਸ਼ੇਅਰਾਂ ਦੇ ਬਦਲੇ ਕੋਈ ਕਰਜ਼ਾ ਨਹੀਂ ਦਿੱਤਾ ਹੈ।

ਖਾਰਾ ਨੇ ਕਿਹਾ ਕਿ ਅਡਾਨੀ ਗਰੁੱਪ ਦੇ ਪ੍ਰੋਜੈਕਟਾਂ ਨੂੰ ਕਰਜ਼ ਦਿੰਦੇ ਸਮੇਂ ਭੌਤਿਕ ਸੰਪਤੀਆਂ ਅਤੇ ਲੋੜੀਂਦੇ ਨਕਦ ਪ੍ਰਵਾਹ ਨੂੰ ਧਿਆਨ ‘ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗਰੁੱਪ ਦਾ ਬਕਾਇਆ ਕਰਜ਼ਾ ਮੋੜਨ ਦਾ ਰਿਕਾਰਡ ਬਹੁਤ ਵਧੀਆ ਰਿਹਾ ਹੈ। ਅਡਾਨੀ ਸਮੂਹ ਦੇ ਸ਼ੇਅਰਾਂ ‘ਚ ਪਿਛਲੇ ਕੁਝ ਦਿਨਾਂ ‘ਚ ਆਈ ਭਾਰੀ ਗਿਰਾਵਟ ਨਾਲ ਕਰਜ਼ਦਾਤਾ ਸੰਸਥਾਨਾਂ ‘ਤੇ ਅਸਰ ਪੈਣ ਦੇ ਖਦਸ਼ਿਆਂ ਦੇ ਵਿਚਕਾਰ ਐੱਸ.ਬੀ.ਆਈ ਮੁਖੀ ਨੇ ਕਿਹਾ ਕਿ ਸਮੂਹ ਨੇ ਕਰਜ਼ੇ ਨੂੰ ਮੁੜ ਵਿੱਤ ਕਰਨ ਲਈ ਕੋਈ ਬੇਨਤੀ ਨਹੀਂ ਕੀਤੀ ਹੈ।

Add a Comment

Your email address will not be published. Required fields are marked *