ਮਾਣਹਾਨੀ ਕੇਸ: ਪੇਸ਼ੀ ਤੋਂ ਛੋਟ ਬਾਰੇ ਰਾਹੁਲ ਦੀ ਅਰਜ਼ੀ ’ਤੇ ਫ਼ੈਸਲਾ 4 ਮਾਰਚ ਨੂੰ

ਠਾਣੇ/ਨਵੀਂ ਦਿੱਲੀ:ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਆਰਐੱਸਐੱਸ ਵਰਕਰ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪੇਸ਼ੀ ਤੋਂ ਪੱਕੀ ਛੋਟ ਲਈ ਦਾਇਰ ਅਰਜ਼ੀ ’ਤੇ ਫ਼ੈਸਲਾ ਅਦਾਲਤ 4 ਮਾਰਚ ਨੂੰ ਸੁਣਾਏਗੀ। ਰਾਹੁਲ ਗਾਂਧੀ ਨੇ ਦਲੀਲ ਦਿੱਤੀ ਹੈ ਕਿ ਉਹ ਦਿੱਲੀ ਦੇ ਵਾਸੀ ਹਨ ਤੇ ਲੋਕ ਸਭਾ ਮੈਂਬਰ ਹਨ। ਉਨ੍ਹਾਂ ਕਿਹਾ ਹੈ ਕਿ ਸੁਣਵਾਈ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਵੀ ਚੱਲ ਸਕਦੀ ਹੈ ਤੇ ਵਕੀਲ ਪੇਸ਼ ਹੋਵੇਗਾ। ਰਾਹੁਲ ਵੱਲੋਂ ਪੇਸ਼ ਹੋਏ ਵਕੀਲ ਨਾਰਾਇਣ ਅਈਅਰ ਨੇ ਅੱਜ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਐਲਸੀ ਵਾਡੀਕਰ ਅੱਗੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸੰਘ ਦੇ ਇਕ ਸਥਾਨਕ ਵਰਕਰ ਰਾਜੇਸ਼ ਕੁੰਟੇ ਨੇ 2014 ਵਿਚ ਰਾਹੁਲ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਰਾਹੁਲ ਨੇ ਮਾਰਚ, 2014 ਵਿਚ ਦੋਸ਼ ਲਾਇਆ ਸੀ ਕਿ ਮਹਾਤਮਾ ਗਾਂਧੀ ਦੀ ਹੱਤਿਆ ਪਿੱਛੇ ਆਰਐੱਸਐੱਸ ਸੀ। ਕੁੰਟੇ ਨੇ ਕਿਹਾ ਸੀ ਕਿ ਇਸ ਨਾਲ ਸੰਘ ਦੀ ਸਾਖ਼ ਨੂੰ ਸੱਟ ਵੱਜੀ ਹੈ। ਇਸੇ ਦੌਰਾਨ ਅੱਜ ਮਨੀ ਲਾਂਡਰਿੰਗ ਕੇਸ ਵਿਚ ਰਾਹੁਲ ਗਾਂਧੀ ਦੇ ਕਰੀਬੀ ਸਾਥੀ ਅਲੰਕਾਰ ਸਵਈ ਤੋਂ ਈਡੀ ਨੇ ਪੁੱਛਗਿੱਛ ਕੀਤੀ ਹੈ। ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਇਹ ਮਾਮਲਾ ਟੀਐਮਸੀ ਦੇ ਬੁਲਾਰੇ ਸਾਕੇਤ ਗੋਖਲੇ ਨਾਲ ਸਬੰਧਤ ਹੈ ਜਿਨ੍ਹਾਂ ਨੂੰ ਹਾਲ ਹੀ ਵਿਚ ਗੁਜਰਾਤ ’ਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰਾਂ ਮੁਤਾਬਕ ਸਵਈ ਜੋ ਕਿ ਸਾਬਕਾ ਬੈਂਕਰ ਹੈ, ਰਾਹੁਲ ਗਾਂਧੀ ਦਾ ਕਰੀਬੀ ਹੈ ਤੇ ਉਨ੍ਹਾਂ ਦੀ ਰਿਸਚਰ ਟੀਮ ਦੀ ਅਗਵਾਈ ਕਰਦਾ ਹੈ। 

Add a Comment

Your email address will not be published. Required fields are marked *