ਪਾਕਿ ਨੇ ਵਿਕੀਪੀਡੀਆ ਨੂੰ ਕੀਤਾ ‘ਬਲਾਕ’, ਈਸ਼ਨਿੰਦਾ ਸਮੱਗਰੀ ਨਾ ਹਟਾਉਣ ਤੋਂ ਇਨਕਾਰ ਕਰਨ ‘ਤੇ ਕੀਤੀ ਕਾਰਵਾਈ

ਇਸਲਾਮਾਬਾਦ – ਵਿਕੀਪੀਡੀਆ ਵੱਲੋਂ ਇਤਰਾਜ਼ਯੋਗ ਜਾਂ ਈਸ਼ਨਿੰਦਾ ਸਮੱਗਰੀ ਨੂੰ ਹਟਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨ ਨੇ ਵੈੱਬਸਾਈਟ ਨੂੰ ‘ਬਲਾਕ’ ਕਰ ਦਿੱਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਮੀਡੀਆ ‘ਚ ਪ੍ਰਕਾਸ਼ਿਤ ਖ਼ਬਰ ਤੋਂ ਮਿਲੀ ਹੈ। ‘ਦਿ ਨਿਊਜ਼’ ਅਖ਼ਬਾਰ ਦੀ ਖ਼ਬਰ ਮੁਤਾਬਕ ਵਿਕੀਪੀਡੀਆ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਅਜਿਹੇ ਸਮੇਂ ‘ਚ ਹੋਈ ਹੈ, ਜਦੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀ. ਟੀ. ਏ.) ਨੇ ਵਿਕੀਪੀਡੀਆ ਦੀ ਸੇਵਾ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਸੀ ਅਤੇ ਹੌਲੀ ਕਰ ਦਿੱਤਾ ਸੀ।

ਪੀ.ਟੀ.ਏ. ਨੇ ਵਿਕੀਪੀਡੀਆ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਵੈੱਬਸਾਈਟ ‘ਤੇ ਮੌਜੂਦ ‘ਈਸ਼ਨਿੰਦਾ’ ਨਾਲ ਸਬੰਧਤ ਸਮੱਗਰੀ ਨੂੰ ਨਾ ਹਟਾਇਆ ਗਿਆ ਤਾਂ ਉਸ ਨੂੰ ‘ਬਲਾਕ’ ਕਰ ਦਿੱਤਾ ਜਾਵੇਗਾ। ਖ਼ਬਰ ਮੁਤਾਬਕ ਜਦੋਂ ਪੀਟੀਏ ਦੇ ਬੁਲਾਰੇ ਨਾਲ ਸ਼ੁੱਕਰਵਾਰ ਦੇਰ ਰਾਤ ਸੰਪਰਕ ਕੀਤਾ ਗਿਆ ਅਤੇ ਵਿਕੀਪੀਡੀਆ ਨੂੰ “ਬਲਾਕ” ਕਰਨ ਬਾਰੇ ਪੁੱਛਿਆ ਗਿਆ, ਤਾਂ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ “ਹਾਂ” ਵਿੱਚ ਜਵਾਬ ਦਿੱਤਾ। ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਪੀ.ਟੀ.ਏ. ਨੇ 48 ਘੰਟਿਆਂ ਲਈ ਵਿਕੀਪੀਡੀਆ ਨੂੰ ਬਲਾਕ ਅਤੇ ਹੌਲੀ ਕਰ ਦਿੱਤਾ ਸੀ, ਕਿਉਂਕਿ ਉਸ ‘ਤੇ ਈਸ਼ਨਿੰਦਾ ਸਮੱਗਰੀ ਸੀ।

ਵਿਕੀਪੀਡੀਆ ਇੱਕ ਮੁਫ਼ਤ ਆਨਲਾਈਨ ਵਿਸ਼ਵਕੋਸ਼ ਹੈ ਜੋ ਦੁਨੀਆ ਭਰ ਦੇ ਕਾਰਕੁਨਾਂ ਵੱਲੋਂ ਬਣਾਇਆ ਅਤੇ ਸੰਪਾਦਿਤ ਕੀਤਾ ਗਿਆ ਹੈ। ਇਸ ਦਾ ਸੰਚਾਲਨ ਵਿਕੀਮੀਡੀਆ ਫਾਊਂਡੇਸ਼ਨ ਕਰਦਾ ਹੈ। ਪੀ.ਟੀ.ਏ. ਦੇ ਬੁਲਾਰੇ ਨੇ ਕਿਹਾ, “ਵਿਕੀਪੀਡੀਆ ਨੂੰ ਨੋਟਿਸ ਜਾਰੀ ਕਰਕੇ ਉਕਤ ਸਮੱਗਰੀ ਨੂੰ ਬਲਾਕ/ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਉਸ ਨੂੰ ਪੇਸ਼ ਹੋਣ ਦਾ ਮੌਕਾ ਵੀ ਦਿੱਤਾ ਗਿਆ। ਹਾਲਾਂਕਿ, ਫੋਰਮ ਨੇ ਨਾ ਤਾਂ ਈਸ਼ਨਿੰਦਾ ਸਮੱਗਰੀ ਨੂੰ ਹਟਾਉਣ ਦੇ ਨਿਰਦੇਸ਼ ਦੀ ਪਾਲਣਾ ਕੀਤੀ ਅਤੇ ਨਾ ਹੀ ਅਥਾਰਟੀ ਦੇ ਸਾਹਮਣੇ ਪੇਸ਼ ਹੋਇਆ।”ਪਾਕਿਸਤਾਨ ਵਿਚ ਸੋਸ਼ਲ ਮੀਡੀਆ ਦੀ ਦਿੱਗਜ ਫੇਸਬੁੱਕ ਅਤੇ ਯੂਟਿਊਬ ਨੂੰ ਪਹਿਲਾਂ ਵੀ ਈਸ਼ਨਿੰਦਾ ਸਮੱਗਰੀ ਨੂੰ ਲੈ ਕੇ ਬਲਾਕ ਕੀਤਾ ਗਿਆ ਸੀ। ਮੁਸਲਿਮ ਬਹੁਗਿਣਤੀ ਵਾਲੇ ਪਾਕਿਸਤਾਨ ਵਿੱਚ ਈਸ਼ਨਿੰਦਾ ਇੱਕ ਸੰਵੇਦਨਸ਼ੀਲ ਮੁੱਦਾ ਹੈ।

Add a Comment

Your email address will not be published. Required fields are marked *